ਫਰਿਜ਼ਨੋ ਦੇ ਗੁਰਬਖ਼ਸ਼ ਸਿੱਧੂ ਨੇ ਦੱਖਣੀ ਕੋਰੀਆ ’ਚ ਸੀਨੀਅਰ ਖੇਡਾਂ ’ਚ ਜਿੱਤਿਆ ਤਮਗਾ

(ਕੈਲੀਫੋਰਨੀਆ) : ਵਿਦੇਸ਼ਾਂ ’ਚ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਾਲੇ ਫਰਿਜ਼ਨੋ ਦੇ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਨੇ ਇਕ ਹੋਰ ਮੀਲ ਪੱਥਰ ਗੱਡਦਿਆਂ ਦੱਖਣੀ ਕੋਰੀਆ ’ਚ ਤਮਗਾ ਜਿੱਤਿਆ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ। ਗੁਰਬਖ਼ਸ਼ ਸਿੱਧੂ ਨੇ ਹੈਮਰ ਥਰੋਅ ਵਿਚ ਮੁਕਾਬਲਾ ਕੀਤਾ ਅਤੇ ਇਕਸਾਨ ਐਥਲੈਟਿਕਸ ਸਟੇਡੀਅਮ ਵਿਚ ਏਸ਼ੀਆ ਪੈਸੀਫਿਕ ਮਾਸਟਰਜ਼ ਗੇਮਜ਼ 2023 ਵਿਚ 37:22 ਮੀਟਰ (122.6 ਫੁੱਟ) ਦੀ ਦੂਰੀ ਨਾਲ ਚਾਂਦੀ ਤਮਗਾ ਜਿੱਤਿਆ। ਇਹ ਸਿਓਲ ਤੋਂ ਲੱਗਭਗ 120 ਕਿਲੋਮੀਟਰ ਦੂਰ ਹੈ।

ਇਨ੍ਹਾਂ ਖੇਡਾਂ ਲਈ ਏਸ਼ੀਆ, ਯੂਰਪ ਅਤੇ ਸੰਯੁਕਤ ਰਾਜ ਦੇ ਐਥਲੀਟਾਂ ਨੇ 25 ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ। ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਵੇਟਲਿਫਟਿੰਗ ਅਤੇ ਐਥਲੈਟਿਕਸ ਆਦਿ ਸਮੇਤ ਵੱਖ-ਵੱਖ ਖੇਡਾਂ ਵਿਚ 10,000 ਐਥਲੀਟ ਹਿੱਸਾ ਲੈਣ ਲਈ ਆਏ ਸਨ। ਇਹ ਖੇਡਾਂ ਹਰ 4 ਸਾਲਾਂ ਬਾਅਦ ਹੁੰਦੀਆਂ ਹਨ। ਪਿਛਲੀਆਂ ਏਸ਼ੀਆ ਪੈਸੀਫਿਕ ਮਾਸਟਰਜ਼ ਖੇਡਾਂ ਮਲੇਸ਼ੀਆ ਵਿਚ ਕੁਆਲਾਲੰਪੁਰ ਵਿਚ ਹੋਈਆਂ ਸਨ। ਇਥੇ ਵੀ ਜ਼ਿਕਰਯੋਗ ਹੈ ਕਿ ਗੁਰਬਖ਼ਸ਼ ਸਿੰਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਬਲਬੂਤੇ ’ਤੇ ਦੁਨੀਆ ਭਰ ਦੀਆਂ ਸੀਨੀਅਰ ਖੇਡਾਂ ਵਿਚ ਹਿੱਸਾ ਲੈ ਕੇ ਤਮਗਾ ਜਿੱਤ ਕੇ ਪੰਜਾਬੀਅਤ ਦਾ ਨਾਂ ਚਮਕਾਉਂਦਾ ਆ ਰਿਹਾ ਹੈ।

Add a Comment

Your email address will not be published. Required fields are marked *