ਇਮਰਾਨ ਖ਼ਾਨ ਨੂੰ ਗਿ੍ਫ਼ਤਾਰੀ ਤੋਂ ਮਿਲੀ ਰਾਹਤ

ਇਸਲਾਮਾਬਾਦ ਹਾਈ ਕੋਰਟ ਵਲੋਂ ਸਾਰੇ ਮਾਮਲਿਆਂ ‘ਚ ਜ਼ਮਾਨਤ
ਅੰਮਿ੍ਤਸਰ-ਇਸਲਾਮਾਬਾਦ ਹਾਈ ਕੋਰਟ (ਆਈ.ਐਚ.ਸੀ.) ਦੇ ਤਿੰਨ ਵੱਖ-ਵੱਖ ਬੈਂਚਾਂ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ 70 ਸਾਲਾ ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਡੀ ਰਾਹਤ ਦਿੰਦਿਆਂ ਤੋਸ਼ਾਖਾਨਾ (ਅਲ-ਕਾਦਿਰ ਟਰੱਸਟ ਭਿ੍ਸ਼ਟਾਚਾਰ) ਮਾਮਲੇ ‘ਚ ਦੋ ਹਫ਼ਤਿਆਂ ਦੀ ਜ਼ਮਾਨਤ, 9 ਮਈ ਤੋਂ ਬਾਅਦ ਦਰਜ ਕਿਸੇ ਵੀ ਨਵੇਂ ਮਾਮਲੇ ‘ਚ ਗਿ੍ਫ਼ਤਾਰ ਕਰਨ ‘ਤੇ 17 ਮਈ ਤੱਕ ਰੋਕ ਲਗਾਉਣ ਦੇ ਨਾਲ ਹੀ ਸੋਮਵਾਰ (15 ਮਈ) ਤੱਕ ਦੇਸ਼ ‘ਚ ਕਿਤੇ ਵੀ ਦਰਜ ਕਿਸੇ ਵੀ ਮਾਮਲੇ ‘ਚ ਗਿ੍ਫ਼ਤਾਰ ਕਰਨ ‘ਤੇ ਰੋਕ ਲਗਾ ਦਿੱਤੀ ਹੈ | ਇਮਰਾਨ ਖ਼ਾਨ ਨੇ ਇਸਲਾਮਾਬਾਦ ਹਾਈ ਕੋਰਟ ਸਾਹਮਣੇ ਉਕਤ ਮਾਮਲਿਆਂ ‘ਚ ਜ਼ਮਾਨਤ ਦੀ ਬੇਨਤੀ ਦੇ ਨਾਲ-ਨਾਲ ਆਪਣੇ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਦੇ ਵੇਰਵੇ ਦੇਣ ਲਈ ਪਟੀਸ਼ਨ ਦਾਇਰ ਕੀਤੀ ਸੀ | ਇਮਰਾਨ ਖ਼ਾਨ ਨੇ ਪਟੀਸ਼ਨ ‘ਚ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਹਿੰਸਾ ਦੀ ਜਾਣਕਾਰੀ ਨਹੀਂ ਸੀ ਪਰ ਮਾਮਲੇ ਦਰਜ ਕੀਤੇ ਗਏ ਹਨ | ਜ਼ਮਾਨਤ ਦਿੰਦੇ ਹੋਏ ਜਸਟਿਸ ਔਰੰਗਜ਼ੇਬ ਨੇ ਇਹ ਵੀ ਟਿੱਪਣੀ ਕੀਤੀ ਕਿ ਖ਼ਾਨ ਨੂੰ ਆਪਣੀ ਗਿ੍ਫ਼ਤਾਰੀ ਦੌਰਾਨ ਵਾਪਰੀਆਂ ਹਿੰਸਾ ਦੀਆਂ ਸਾਰੀਆਂ ਘਟਨਾਵਾਂ ਦੀ ਨਿੰਦਾ ਕਰਨੀ ਚਾਹੀਦੀ ਹੈ | ਇਸ ਤੋਂ ਇਕ ਦਿਨ ਪਹਿਲਾਂ ਪਾਕਿ ਸੁਪਰੀਮ ਕੋਰਟ ਨੇ ਆਈ.ਐਚ.ਸੀ. ਕੰਪਲੈਕਸ ਤੋਂ ਖ਼ਾਨ ਦੀ ਗਿ੍ਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਸੀ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ‘ਤੇ ਰਹਿਣ ਦੌਰਾਨ ਮਿਲੇ ਤੋਹਫ਼ਿਆਂ ਨਾਲ ਸੰਬੰਧਿਤ ਜਾਣਕਾਰੀ ਦਾ ਖ਼ੁਲਾਸਾ ਨਾ ਕਰਨ ਲਈ ਅਪਰਾਧਿਕ ਕਾਨੂੰਨ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ | ਇਸਲਾਮਾਬਾਦ ਹਾਈ ਕੋਰਟ ਦੀ ਸੁਣਵਾਈ ਦੌਰਾਨ ਪੀ. ਟੀ. ਆਈ. ਮੁਖੀ ਦੇ ਵਕੀਲ ਖ਼ਵਾਜਾ ਹੈਰਿਸ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਵਿਰੁੱਧ ਸ਼ਿਕਾਇਤ ਜ਼ਿਲ੍ਹਾ ਚੋਣ ਕਮਿਸ਼ਨਰ ਦੁਆਰਾ ਦਰਜ ਕੀਤੀ ਗਈ ਸੀ, ਨਾ ਕਿ ਕਿਸੇ ਸਮਰੱਥ ਅਧਿਕਾਰੀ ਦੁਆਰਾ | ਇਸ ਦੇ ਇਲਾਵਾ ਇਹ ਸ਼ਿਕਾਇਤ ਨਿਰਧਾਰਿਤ ਸਮੇਂ ਤੋਂ ਬਾਅਦ ਦਰਜ ਕਰਵਾਈ ਗਈ ਸੀ | ਕੇਸ ਦੀ ਸੁਣਵਾਈ ਦੌਰਾਨ ਪੁਲਿਸ ਅਤੇ ਰੇਂਜਰਾਂ ਨੂੰ ਵੱਡੀ ਗਿਣਤੀ ‘ਚ ਅਦਾਲਤ ਦੇ ਬਾਹਰ ਤਾਇਨਾਤ ਕੀਤਾ ਗਿਆ ਅਤੇ ਅਦਾਲਤ ਦੇ ਪ੍ਰਵੇਸ਼ ਦਰਵਾਜ਼ੇ ਦੇ ਸਾਹਮਣੇ ਕੰਡਿਆਲੀ ਤਾਰ ਲਗਾਈ ਗਈ | ਜਦੋਂ ਇਮਰਾਨ ਖ਼ਾਨ ਨੂੰ ਭਾਰੀ ਸੁਰੱਖਿਆ ਵਿਚਕਾਰ ਅਦਾਲਤ ਲਿਜਾਇਆ ਗਿਆ ਤਾਂ ਇਸ ਮੌਕੇ ਵੱਡੀ ਗਿਣਤੀ ‘ਚ ਵਕੀਲ ਪੀ. ਟੀ. ਆਈ. ਮੁਖੀ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ |
ਇਮਰਾਨ ਖ਼ਾਨ ਨੂੰ ਦੁਬਾਰਾ ਗਿ੍ਫ਼ਤਾਰ ਕਰਾਂਗੇ-ਰਾਣਾ ਸਨਾਉੱਲਾ
ਪਾਕਿ ਦੇ ਸੰਘੀ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਅਧਿਕਾਰੀ ਇਮਰਾਨ ਖ਼ਾਨ ਨੂੰ ਦੁਬਾਰਾ ਗਿ੍ਫ਼ਤਾਰ ਕਰਨਗੇ | ਉਨ੍ਹਾਂ ਕਿਹਾ ਕਿ ਅਸੀਂ ਇਸਲਾਮਾਬਾਦ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਰੱਦ ਹੋਣ ਦਾ ਇੰਤਜ਼ਾਰ ਕਰਾਂਗੇ ਅਤੇ ਖ਼ਾਨ ਨੂੰ ਉਸ ਦੇ ਬਾਅਦ ਤੁਰੰਤ ਗਿ੍ਫ਼ਤਾਰ ਕੀਤਾ ਜਾਵੇਗਾ |
ਪਾਕਿ ਦੇ ਮੌਜੂਦਾ ਹਾਲਾਤ ਲਈ ਫ਼ੌਜ ਮੁਖੀ ਜ਼ਿੰਮੇਵਾਰ-ਇਮਰਾਨ ਖ਼ਾਨ
ਇਸਲਾਮਾਬਾਦ ਹਾਈ ਕੋਰਟ ‘ਚ ਚੱਲ ਰਹੀ ਸੁਣਵਾਈ ‘ਚ ਬ੍ਰੇਕ ਦੌਰਾਨ ਪਾਕਿ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ‘ਚ ਇਮਰਾਨ ਖ਼ਾਨ ਨੇ ਕਿਹਾ ਕਿ ਗਿ੍ਫ਼ਤਾਰੀ ਤੋਂ ਬਾਅਦ ਜੋ ਕੁਝ ਹੋਇਆ ਹੈ, ਉਹ ਉਸ ਬਾਰੇ ਗਿ੍ਫ਼ਤਾਰੀ ਤੋਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਾਰੀਆਂ ਘਟਨਾਵਾਂ ਲਈ ਸਿਰਫ਼ ਫ਼ੌਜ ਮੁਖੀ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਕਿ ਪਾਕਿ ਦੇ ਫ਼ੌਜ ਮੁਖੀ ਨੂੰ ਡਰ ਹੈ ਕਿ ਜੇਕਰ ਉਹ ਦੁਬਾਰਾ ਪ੍ਰਧਾਨ ਮੰਤਰੀ ਬਣੇ ਤਾਂ ਉਹ ਫ਼ੌਜ ਮੁਖੀ ਦੀ ਤਰੱਕੀ ਨੂੰ ਡੀ-ਨੋਟੀਫਾਈ ਕਰ ਦੇਣਗੇ | ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਹ ਕਿਸੇ ਨੂੰ ਡੀ-ਨੋਟੀਫਾਈ ਕਰਨ ਦਾ ਇਰਾਦਾ ਨਹੀਂ ਰੱਖਦੇ |
ਪਾਕਿ ਇੰਟੈਲੀਜੈਂਸ ਬਿਊਰੋ ਨੇ ਖ਼ਾਨ ਨੂੰ ਰਿਹਾਅ ਨਾ ਕਰਨ ਦੀ ਦਿੱਤੀ ਚਿਤਾਵਨੀ
ਇਸਲਾਮਾਬਾਦ ਦੇ ਚੀਫ਼ ਕਮਿਸ਼ਨਰ ਨੂਰ-ਉਲ-ਅਮੀਨ ਮੰਗੇਲ ਅਤੇ ਆਈ. ਜੀ. ਪੀ. ਇਸਲਾਮਾਬਾਦ ਡਾ. ਅਕਬਰ ਨਾਸਿਰ ਖ਼ਾਨ ਨੂੰ ਇਮਰਾਨ ਖ਼ਾਨ ਦੀ ਰਿਹਾਈ ਤੋਂ ਪਹਿਲਾਂ ਲਿਖੇ ਪੱਤਰ ‘ਚ ਆਈ. ਬੀ. (ਇੰਟੈਲੀਜੈਂਸ ਬਿਊਰੋ) ਨੇ ਚਿਤਾਵਨੀ ਦਿੱਤੀ ਕਿ ਜੇਕਰ ਖ਼ਾਨ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਸੰਸਥਾਵਾਂ ਦੇ ਖ਼ਿਲਾਫ਼ ਭੀੜ ਦੀ ਪ੍ਰਤੀਕਿਰਿਆ ਤੇਜ਼ ਹੋ ਸਕਦੀ ਹੈ, ਜਿਸ ਨਾਲ ਬੇਕਸੂਰ ਜਾਨਾਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚ ਸਕਦਾ ਹੈ |

Add a Comment

Your email address will not be published. Required fields are marked *