ਜਲੰਧਰ ਜ਼ਿਮਨੀ ਚੋਣ ਨਤੀਜਾ Live: ਚੰਦ ਪਲਾਂ ਬਾਅਦ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਜਲੰਧਰ – 10 ਮਈ ਨੂੰ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਕੁਝ ਹੀ ਸਮੇਂ ਵਿਚ ਸ਼ੁਰੂ ਹੋਣ ਜਾ ਰਹੀ ਹੈ। ਜ਼ਿਮਨੀ ਚੋਣ ਲੜ ਰਹੇ ਸਾਰੇ 19 ਉਮੀਦਵਾਰਾਂ ਦੀ ਕਿਸਮਤ ਦੀ ਕਿਸਮਤ ਦਾ ਫ਼ੈਸਲਾ ਅੱਜ ਜਲੰਧਰ ਦੀ ਜਨਤਾ ਕਰੇਗੀ। ਵੇਖਣਾ ਇਹ ਦਿਲਚਸਪ ਹੋਵੇਗਾ ਕਿ ਜਲੰਧਰ ਦੀ ਜਨਤਾ ਆਖ਼ਿਰ ਕਿਸ ਨੇਤਾ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਦੀ ਹੈ। ਇਥੇ ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ 8 ਵਜੇ ਦੇ ਕਰੀਬ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਅਤੇ ਸਪੋਰਟਸ ਕਾਲਜ ਕੰਪਲੈਕਸ ਕਪੂਰਥਲਾ ਰੋਡ ਵਿਖੇ ਸ਼ੁਰੂ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਸਵੇਰੇ 7.30 ਵਜੇ ਦੇ ਕਰੀਬ ਸ਼ੁਰੂ ਹੋਈ, ਜਦਕਿ ਈ. ਵੀ. ਐੱਮਜ਼ ਤੋਂ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਕਰਵਾਉਣ ਲਈ ਪੂਰੀ ਤਿਆਰੀਆਂ ਕਰਦੇ ਹੋਏ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਨਾਂ ਵੀ ਵੱਧ ਗਈਆਂ ਹਨ। 

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਟ੍ਰਾਂਗ ਰੂਮ ਵਿਚ ਰੱਖੀਆਂ ਈ. ਵੀ. ਐੱਮਜ਼ ਅਤੇ ਵੀ. ਵੀ. ਪੈਟ ਮਸ਼ੀਨਾਂ ਦੀ ਨਿਗਰਾਨੀ ਲਈ ਥ੍ਰੀ-ਟਾਇਰ ਸੁਰੱਖਿਆ ਯਕੀਨੀ ਬਣਾਈ ਗਈ ਹੈ। ਉਮੀਦਵਾਰ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਨੂੰ ਇਨ੍ਹਾਂ ਥਾਵਾਂ ’ਤੇ ਜਾਣ ਦੀ ਇਜਾਜ਼ਤ ਹੋਵੇਗੀ। ਵੋਟਾਂ ਦੀ ਗਿਣਤੀ ਦੌਰਾਨ ਕੋਈ ਵੀ ਅਣਅਧਿਕਾਰਤ ਵਿਅਕਤੀ ਗਿਣਤੀ ਦੇ ਕੇਂਦਰ ਦੇ ਨੇੜੇ ਨਾ ਹੋਵੇ, ਇਸ ਲਈ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਜਾਵੇਗਾ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ’ਚ 14 ਟੇਬਲ ਲਗਾਏ ਗਏ ਹਨ ਅਤੇ ਵੋਟਾਂ ਦੀ ਗਿਣਤੀ ਲਈ ਹਰੇਕ ਕਾਊਂਟਿੰਗ ਕੇਂਦਰ ’ਚ 20 ਕਾਊਂਟਿੰਗ ਟੀਮਾਂ (ਰਿਜ਼ਰਵ ਸਮੇਤ) ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਢੰਗ ਨਾਲ ਗਿਣਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਕ ਕਾਊਂਟਿੰਗ ਪਾਰਟੀ ’ਚ 1 ਕਾਊਂਟਿੰਗ ਆਬਜ਼ਰਵਰ, 1 ਕਾਊਂਟਿੰਗ ਸਹਾਇਕ ਅਤੇ 1 ਮਾਈਕ੍ਰੋ ਆਬਜ਼ਰਵਰ ਹੋਵੇਗਾ। ਇਸ ਤੋਂ ਇਲਾਵਾ ਕਾਊਂਟਿੰਗ ਕਰਮਚਾਰੀਆਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਪ੍ਰਸਾਰਿਤ ਡਾਕ ਬੈਲਟ ਪੇਪਰਾਂ ਦੀ ਗਿਣਤੀ ਲਈ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਵਿਸਤ੍ਰਿਤ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਰਾਊਂਡ ਦੀ ਗਿਣਤੀ ਖ਼ਤਮ ਹੋਣ ਤੋਂ ਬਾਅਦ ਹੀ ਅਗਲੇ ਗੇੜ ਦੀ ਗਿਣਤੀ ਸ਼ੁਰੂ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਕੇਂਦਰ ‘ਨੋ ਮੋਬਾਇਲ ਜ਼ੋਨ’ ਤੇ ‘ਨੋ ਵੈਪਨ ਜ਼ੋਨ’ ਹਨ। ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਮੋਬਾਇਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਅਧਿਕਾਰਤ ਵਿਅਕਤੀ ਤੋਂ ਇਲਾਵਾ ਕਿਸੇ ਨੂੰ ਵੀ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਈ. ਵੀ. ਐੱਮਜ਼ ਨੂੰ ਸਟਰਾਂਗ ਰੂਮ ’ਚ ਰੱਖਿਆ ਗਿਆ ਹੈ, ਨਾਲ ਹੀ ਵੀ. ਵੀ. ਪੀ. ਏ. ਟੀ. ਮਸ਼ੀਨਾਂ ਦੀ 3 ਪੱਧਰੀ ਸੁਰੱਖਿਆ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਊਂਟਿੰਗ ਹਾਲ ਦੇ ਬਾਹਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਏ. ਡੀ. ਸੀ. ਮੇਜਰ ਅਮਿਤ ਮਹਾਜਨ, ਜਸਬੀਰ ਸਿੰਘ ਅਤੇ ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਰਿਟਰਨਿੰਗ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਵਿਕਾਸ ਹੀਰਾ, ਬਲਜਿੰਦਰ ਸਿੰਘ ਢਿੱਲੋਂ, ਬਲਬੀਰ ਰਾਜ ਸਿੰਘ ਤੇ ਹੋਰ ਵੀ ਹਾਜ਼ਰ ਸਨ।

ਦੱਸਣਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁਖੀ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਹੋ ਰਿਹਾ ਹੈ। 

ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਦਾ ਜਨਵਰੀ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਮਗਰੋਂ ਹੀ ਜਲੰਧਰ ਲੋਕ ਸਭਾ ਦੀ ਸੀਟ ਖਾਲੀ ਹੋਈ ਸੀ। ਇਸੇ ਕਰਕੇ ਇਥੇ 10 ਮਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਕਰਵਾਉਣੀ ਪਈ ਸੀ। ਹਲਕੇ ਵਿੱਚ ਕੁੱਲ 16,21,800 ਵੋਟਰ ਹਨ, ਜਿਨ੍ਹਾਂ ਵਿੱਚ 8,44,904 ਪੁਰਸ਼ ਅਤੇ 7,76,855 ਔਰਤਾਂ ਅਤੇ 41 ਟਰਾਂਸਜੈਂਡਰ ਹਨ। ਜਲੰਧਰ ਲੋਕ ਸਭਾ ਸੀਟ ਅਧੀਨ 9 ਹਲਕੇ ਆਉਂਦੇ ਹਨ। ਇਨ੍ਹਾਂ ‘ਚ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ ਸ਼ਾਮਲ ਹਨ।

Add a Comment

Your email address will not be published. Required fields are marked *