ਸ.ਬਾਦਲ ਦੇ ਦਿਹਾਂਤ ਮਗਰੋਂ ਸੁਖਬੀਰ ਤੇ ਮਨਪ੍ਰੀਤ ‘ਚ ਵਧਣ ਲੱਗੀਆਂ ਨਜ਼ਦੀਕੀਆਂ

ਗਿੱਦੜਬਾਹਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਨਜ਼ਦੀਕੀਆਂ ਕਾਫ਼ੀ ਵੱਧ ਗਈਆਂ ਹਨ। ਇਨ੍ਹਾਂ ਨਜ਼ਦੀਕੀਆਂ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਅੱਜ ਤਾਏ-ਚਾਚੇ ਦੇ ਪੁੱਤਾਂ ਦੀਆਂ ਆਪਣੇ-ਆਪਣੇ ਪਿਤਾ ਦਾਸ ਤੇ ਪਾਸ਼ (ਸਵ.ਗੁਰਦਾਸ ਸਿੰਘ ਬਾਦਲ ਅਤੇ ਸਵ. ਪ੍ਰਕਾਸ਼ ਸਿੰਘ ਬਾਦਲ) ਦੀ ਯਾਦ ਵਿਚ ਪਿੰਡ ਬਾਦਲ ਵਿਖੇ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਵਿਖੇ ਆਪਣੇ ਹੱਥੀਂ ਬੂਟੇ ਲਗਾਏ ਅਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਇਕ ਕਿਤਾਬ ਵਿਚ ਦਰਜ ਕੁਝ ਪੰਕਤੀਆਂ ਨੂੰ ਆਪਸ ਵਿਚ ਸਾਂਝੀਆਂ ਕਰਦੇ ਦਿਖਾਈ ਦੇ ਰਹੇ ਸਨ। 

ਉਧਰ ਆਪਣੇ ਸ਼ੋਸ਼ਲ ਮੀਡੀਆ ਪੇਜ਼ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਸ਼ ਅਤੇ ਦਾਸ ਦੀ ਜੋੜੀ ਦੁਨੀਆ ਵਿਚ ਰਾਮ-ਲਛਮਣ ਦੇ ਨਾਮ ਨਾਲ ਮਸ਼ਹੂਰ ਸੀ। ਸਾਲ 2020 ਵਿਚ ਦਾਸ ਜੀ ਦੇ ਅਕਾਲ ਚਲਾਨੇ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਬਹੁਤ ਸਮਾਂ ਉਦਾਸ ਰਹੇ ਅਤੇ ਅਕਸਰ ਭਾਵੁਕ ਹੋ ਜਾਂਦੇ ਸਨ। ਵੀਰ ਮਨਪ੍ਰੀਤ ਸਿੰਘ ਬਾਦਲ ਨੇ ਚਾਚਾ ਜੀ ਦੀ ਯਾਦ ਵਿਚ ਆਪਣੇ ਘਰ ਵਿਖੇ ਟਾਹਲੀ ਦਾ ਬੂਟਾ ਲਗਾਇਆ ਸੀ ਅਤੇ ਅੱਜ ਅਸੀਂ ਭਰਾਵਾਂ ਨੇ ਮਿਲ ਕੇ ਉਸ ਦੇ ਨਾਲ ਹੀ ਬਾਦਲ ਸਾਬ ਦੀ ਯਾਦ ਵਿਚ ਟਾਹਲੀ ਦਾ ਬੂਟਾ ਲਗਾਇਆ ਹੈ। ਇਹ ਦੋਵੇਂ ਬੂਟੇ ਬਾਦਲ ਸਾਹਿਬ ਅਤੇ ਦਾਸ ਜੀ ਦੇ ਮੋਹ ਪਿਆਰ ਦੀ ਯਾਦ ਦਿਵਾਉਂਦੇ ਰਹਿਣੇ ਅਤੇ ਦਾਸ-ਪਾਸ਼ ਦੀ ਜੋੜੀ ਵੱਲੋ ਪੂਰੇ ਬਾਦਲ ਪਰਿਵਾਰ ਨੂੰ ਦਿੱਤੀ ਸੰਘਣੀ ਛਾਂ ਨੂੰ ਵੀ ਹਮੇਸ਼ਾ ਚੇਤੇ ਕਰਵਾਉਂਦੇ ਰਹਿਣਗੇ।

ਵਰਨਣਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਲ 2010 ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਸਨ ਅਤੇ ਸੂਬੇ ਅੰਦਰ ਬੀਤੇ ਸਮੇਂ ਦੌਰਾਨ ਕਾਂਗਰਸ ਦੇ ਕਾਰਜਕਾਲ ਸਮੇਂ ਵਿੱਤ ਮੰਤਰੀ ਦੇ ਅਹੁਦੇ ਤੇ ਰਹੇ ਹਨ ਅਤੇ ਹੁਣ ਉਹ ਭਾਜਪਾ ਵਿਚ ਚਲੇ ਗਏ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਨਾਲ ਆਪਣਾ ਸਾਲਾਂ ਪੁਰਾਣਾ ਰਿਸ਼ਤਾ ਬੀਤੇ ਸਮੇਂ ਦੌਰਾਨ ਖ਼ਤਮ ਕਰ ਚੁੱਕੇ ਹਨ ਪਰ ਹੁਣ ਦੋਵਾਂ ਭਰਾਵਾਂ ਦੀ ਨਜ਼ਦੀਕੀਆਂ ਵਿਚ ਰਾਜਨੀਤਿਕ ਪੰਡਿਤ ਨਵੀਆਂ ਸੰਭਾਵਨਾ ਦੇਖ ਰਹੇ ਹਨ। ਦੱਸ ਦੇਈਏ ਕਿ ਪਿੰਡ ਬਾਦਲ ਵਿਖੇ ਪੌਦਾ ਲਗਾਉਣ ਸਮੇਂ ਮਨਪ੍ਰੀਤ ਸਿੰਘ ਬਾਦਲ ਦਾ ਮੁੰਡਾ ਅਰਜੁਨ ਬਾਦਲ ਵੀ ਮੌਜੂਦ ਰਹੇ ਹਨ।

Add a Comment

Your email address will not be published. Required fields are marked *