ਛੁੱਟੀ ਆਏ ਫ਼ੌਜੀ ਨਾਲ ਵਾਪਰਿਆ ਹਾਦਸਾ, ਨਹਿਰ ’ਚ ਡਿੱਗਣ ਕਾਰਨ ਤੋੜਿਆ ਦਮ

ਲਹਿਰਾਗਾਗਾ : ਪਿੰਡ ਗੁਰਨੇ ਖੁਰਦ ਆਪਣੇ ਘਰ ਛੁੱਟੀ ’ਤੇ ਆਏ ਫ਼ੌਜੀ ਦੀ ਮੋਟਰਸਾਈਕਲ ਤੋਂ ਨਹਿਰ ’ਚ ਡਿੱਗ ਜਾਣ ਕਾਰਨ ਮੌਤ ਗਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (22) ਜੋ ਅਜੇ ਕੁਆਰਾ ਸੀ ਅਤੇ ਮਿਲਟਰੀ ’ਚ ਨੌਕਰੀ ਕਰਦਾ ਸੀ, ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਘਰ ਆਇਆ ਸੀ ਤੇ 17 ਮਈ ਨੂੰ ਉਸ ਨੇ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ’ਤੇ ਜਾਣਾ ਸੀ।

ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਤੇ ਲਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੁਰਨੇ ਖੁਰਦ ਮੋਟਰਸਾਈਕਲ ’ਤੇ ਅਲੀਸ਼ੇਰ ਤੋਂ ਨਹਿਰ ਦੀ ਪਟੜੀ ਦੇ ਨਾਲ-ਨਾਲ ਗੁਰਨੇ ਖੁਰਦ ਨੂੰ ਆ ਰਹੇ ਸਨ। ਉਨ੍ਹਾਂ ਦੇ ਪਿੱਛੇ ਦੂਸਰੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਹੀ ਪਿੰਡ ਦਾ ਜਗਸੀਰ ਸਿੰਘ ਦੀਪਾ ਪੁੱਤਰ ਮਿੱਠੂ ਸਿੰਘ ਵੀ ਆ ਰਿਹਾ ਸੀ। ਜਦੋਂ ਗੁਰਪ੍ਰੀਤ ਸਿੰਘ ਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪਿੰਡ ਅਲੀਸ਼ੇਰ ਨਹਿਰ ਦੇ ਪੁਲ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਸਲਿੱਪ ਕਰ ਗਿਆ, ਜਿਸ ਕਾਰਨ ਫ਼ੌਜੀ ਗੁਰਪ੍ਰੀਤ ਸਿੰਘ ਨਹਿਰ ’ਚ ਡਿੱਗ ਪਿਆ, ਜਿਸ ਦੀ ਲਾਸ਼ ਅੱਜ ਪਿੰਡ ਖੁਡਾਲ ਕਲਾਂ ਨਹਿਰ ਦੇ ਪੁਲ ਕੋਲੋਂ ਮਿਲੀ।

ਚੌਕੀ ਚੋਟੀਆਂ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

Add a Comment

Your email address will not be published. Required fields are marked *