ਚੋਣ ਕਮਿਸ਼ਨ ਨੇ ਖੜਗੇ ਤੋਂ ਮੰਗਿਆ ਸਪੱਸ਼ਟੀਕਰਨ

ਨਵੀਂ ਦਿੱਲੀ, 8 ਮਈ-: ਕਾਂਗਰਸ ਆਗੂ ਸੋਨੀਆ ਗਾਂਧੀ ਵੱਲੋਂ ਕਰਨਾਟਕ ਦੀ ਖੁਦਮੁਖਤਿਆਰੀ ਬਾਰੇ ਦਿੱਤੇ ਗਏ ਬਿਆਨ ’ਤੇ ਪਾਰਟੀ ਵੱਲੋਂ ਸੋਸ਼ਲ ਮੀਡੀਆ ਉਪਰ ਪਾਈ ਗਈ ਪੋਸਟ ’ਤੇ ਚੋਣ ਕਮਿਸ਼ਨ ਨੇ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਸਪੱਸ਼ਟੀਕਰਨ ਮੰਗਿਆ ਹੈ। ਭਾਜਪਾ ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਚੋਣ ਕਮਿਸ਼ਨ ਨੇ ਖੜਗੇ ਨੂੰ ਪੱਤਰ ਲਿਖਿਆ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਖੜਗੇ ਸਪੱਸ਼ਟੀਕਰਨ ਦੇਣ ਦੇ ਨਾਲ ਨਾਲ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ’ਚ ਸੁਧਾਰ ਕਰਨ ਲਈ ਕਦਮ ਉਠਾਉਣ। ਇਸ ਤੋਂ ਪਹਿਲਾਂ ਭਾਜਪਾ ਨੇ ਕਰਨਾਟਕ ਲਈ ‘ਖੁਦਮੁਖਤਿਆਰੀ’ ਸ਼ਬਦ ਦੀ ਵਰਤੋਂ ਕਰਨ ਲਈ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਅਤੇ ਪਾਰਟੀ ਦੀ ਮਾਨਤਾ ਰੱਦ ਕਰਨ ਲਈ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਸੀ। ਇਸ ਮੁੱਦੇ ’ਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਦੀ ਅਗਵਾਈ ਹੇਠ ਭਾਜਪਾ ਦੇ ਇਕ ਵਫ਼ਦ ਨੇ ਦਿੱਲੀ ’ਚ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਸੀ। ਪਾਰਟੀ ਨੇ ਕਿਹਾ ਕਿ ਕਰਨਾਟਕ ਭਾਰਤੀ ਗਣਰਾਜ ਦਾ ਅਹਿਮ ਸੂਬਾ ਹੈ ਅਤੇ ਭਾਰਤੀ ਗਣਰਾਜ ਦੇ ਸੂਬੇ ਲਈ ਖੁਦਮੁਖਤਿਆਰੀ ਦੀ ਰਾਖੀ ਕਰਨ ਦਾ ਕੋਈ ਵੀ ਸੱਦਾ

ਵੱਖਵਾਦ ਦੇ ਤੁੱਲ ਹੈ ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਵਫ਼ਦ ’ਚ ਸ਼ਾਮਲ ਭਾਜਪਾ ਆਗੂ ਤਰੁਣ ਚੁੱਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਨ ਪ੍ਰਤੀਨਿਧ ਐਕਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਨੇ ਇਸ ਮੁੱਦੇ ’ਤੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਹਵਾਲੇ ਨਾਲ ਕਾਂਗਰਸ ਵੱਲੋਂ ਕੀਤੇ ਗਏ ਟਵੀਟ ਦੀ ਕਾਪੀ ਵੀ ਜਮ੍ਹਾਂ ਕਰਵਾਈ ਹੈ। ਉਧਰ ਭਾਜਪਾ ਨੇ ਬੰਗਲੂਰੂ ’ਚ ਵੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਸੋਨੀਆ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਨਿਦਰੇਸ਼ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੋਨੀਆ ਨੇ ਆਪਣੇ ਭਾਸ਼ਨ ’ਚ ‘ਖੁਦਮੁਖਤਿਆਰੀ’ ਸ਼ਬਦ ਦੀ ਵਰਤੋਂ ਕੀਤੀ ਹੈ ਜਿਸ ਦੀ ਪਰਿਭਾਸ਼ਾ ਆਜ਼ਾਦ ਮੁਲਕ ਹੈ। ਸੋਨੀਆ ਨੇ ਇਕ ਬਿਆਨ ’ਚ ਕਿਹਾ ਸੀ ਕਿ ਕਾਂਗਰਸ ਕਿਸੇ ਨੂੰ ਵੀ ਕਰਨਾਟਕ ਦੇ ਰੁਤਬੇ, ਖੁਦਮੁਖਤਿਆਰੀ ਜਾਂ ਏਕਤਾ ਅਖੰਡਤਾ ਨੂੰ ਖ਼ਤਰੇ ’ਚ ਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਭਾਜਪਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਕਰਨਾਟਕ ਦੇਸ਼ ਦਾ ਹਿੱਸਾ ਹੈ ਅਤੇ ਅੱਜ ਤੱਕ ਕਿਸੇ ਨੇ ਵੀ ਕੰਨੜਾਂ ਦੀ ਨੀਅਤ ’ਤੇ ਕੋਈ ਸਵਾਲ ਨਹੀਂ ਉਠਾਏ ਹਨ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕਾਂਗਰਸ ਯਕੀਨ ਕਰਦੀ ਹੈ ਕਿ ਕਰਨਾਟਕ, ਭਾਰਤ ਨਾਲੋਂ ਵੱਖ ਹੈ ਅਤੇ ਇਹ ਬਿਆਨ ਵੰਡੀਆਂ ਪਾਉਣ ਵਾਲਾ ਹੈ ਜਿਸ ਨਾਲ ਸਮਾਜ ’ਚ ਬਦਅਮਨੀ ਦਾ ਮਾਹੌਲ ਪੈਦਾ ਹੋ ਸਕਦਾ ਹੈ। ਸ਼ਿਕਾਇਤ ਦਾਖ਼ਲ ਕਰਨ ਵਾਲੀ ਕੇਂਦਰੀ ਮੰਤਰੀ ਸ਼ੋਭਾ ਕਰਾਂਦਲਜੇ ਨੇ ਬਿਆਨ ਨੂੰ ਹੈਰਾਨੀਜਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਨੀਆ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਆਗੂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

Add a Comment

Your email address will not be published. Required fields are marked *