ਕਰਨਾਟਕ: ਰਾਹੁਲ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨੂੰ ਘੇਰਿਆ

ਬੰਗਲੂਰੂ, 7 ਮਈ-: ਕਰਨਾਟਕ ਵਿਚ ਭ੍ਰਿਸ਼ਟਾਚਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ’ਤੇ ਸਵਾਲ ਉਠਾਉਂਦਿਆਂ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਾਣਨਾ ਚਾਹਿਆ ਕਿ ‘ਡਬਲ ਇੰਜਣ ਸਰਕਾਰ’ ਦੇ ਹਰੇਕ ਇੰਜਣ ਨੂੰ ਰਾਜ ਵਿਚ ‘40 ਪ੍ਰਤੀਸ਼ਤ ਕਮਿਸ਼ਨ ਵਿਚੋਂ ਕਿੰਨਾ ਕਮਿਸ਼ਨ ਮਿਲਿਆ ਹੈ।’ ਰਾਹੁਲ ਨੇ ਨਾਲ ਹੀ ਦੋਸ਼ ਲਾਇਆ ਕਿ ਸੰਸਦ ਵਿਚ ਅਡਾਨੀ ਮੁੱਦਾ ਉਠਾਉਣ ਕਾਰਨ ਹੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਵਾਈ ਹੈ। ਚੋਣਾਂ ਵਾਲੇ ਸੂਬੇ ਕਰਨਾਟਕ ਦੇ ਅਨੇਕਲ ਵਿਚ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘ਪਿਛਲੇ ਤਿੰਨ ਸਾਲਾਂ ਵਿਚ, ਕਰਨਾਟਕ ਵਿਚ ਭਾਜਪਾ ਦੀ ਸਰਕਾਰ ਰਹੀ ਹੈ ਤੇ ਪ੍ਰਧਾਨ ਮੰਤਰੀ ਇਸ ਬਾਰੇ ਜਾਣਦੇ ਸਨ। ਤੁਸੀਂ ਇਸ ਨੂੰ ਡਬਲ ਇੰਜਣ ਸਰਕਾਰ ਕਹਿੰਦੇ ਰਹੇ। ਇਸ ਵਾਰ ਡਬਲ ਇੰਜਣ ਚੋਰੀ ਹੋ ਗਿਆ ਹੈ। ਮੋਦੀ ਜੀ, ਤੁਸੀਂ ਕਿਰਪਾ ਕਰ ਕੇ ਕਰਨਾਟਕ ਦੇ ਲੋਕਾਂ ਨੂੰ ਦੱਸੋ ਕਿ 40 ਪ੍ਰਤੀਸ਼ਤ ਕਮਿਸ਼ਨ ਵਿਚੋਂ ਕਿਹੜੇ ਇੰਜਣ ਨੂੰ ਕਿੰਨੇ ਮਿਲੇ ਹਨ।’ ਕਾਂਗਰਸ ਆਗੂ ਨੇ ਕਿਹਾ ਕਿ ਕਰਨਾਟਕ ਦੀ ਕੰਟਰੈਕਟਰਜ਼ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਜਾਣੂ ਕਰਾਇਆ ਸੀ ਕਿ ਉਨ੍ਹਾਂ ਤੋਂ 40 ਪ੍ਰਤੀਸ਼ਤ ਕਮਿਸ਼ਨ ਲਿਆ ਜਾ ਰਿਹਾ ਹੈ ਪਰ ਮੋਦੀ ਨੇ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਘੁਟਾਲੇ ਉਤੇ ਘੁਟਾਲੇ ਹੁੰਦੇ ਰਹੇ, ਨੌਕਰੀਆਂ ਲਈ ਭਰਤੀ ਵਿਚ ਬੇਨਿਯਮੀਆਂ ਹੋਈਆਂ। ਰਾਹੁਲ ਨੇ ਕਿਹਾ ਕਿ ‘ਮੈਸੂਰ ਸੰਦਲ ਘੁਟਾਲੇ’ ਵਿਚ ਇਕ ਵਿਧਾਇਕ ਦਾ ਪੁੱਤਰ 8 ਕਰੋੜ ਰੁਪਏ ਨਗਦੀ ਨਾਲ ਫੜਿਆ ਗਿਆ ਤੇ ਇਕ ਭਾਜਪਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ 2500 ਕਰੋੜ ਅਦਾ ਕਰ ਕੇ ਖਰੀਦਿਆ ਜਾ ਸਕਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਕਰਨਾਟਕ ਵਿਚ ਜਿਹੜੀ ਸਰਕਾਰ ਸੱਤਾ ਵਿਚ ਆਈ ਸੀ, ‘ਉਹ ਚੋਰੀ ਕੀਤੀ ਹੋਈ ਸੀ। ਲੋਕਾਂ ਨੇ ਵੋਟ ਕਿਸੇ ਪਾਰਟੀ ਨੂੰ ਪਾਈ, ਮਿਲਿਆ ਕੁਝ ਹੋਰ ਕਿਉਂਕਿ ਵਿਧਾਇਕ ਖ਼ਰੀਦੇ ਗਏ।’ ਜ਼ਿਕਰਯੋਗ ਹੈ ਕਿ 2019 ਵਿਚ ਸੂਬੇ ਵਿਚ ਕਰਨਾਟਕ-ਜੇਡੀ(ਐੱਸ) ਦੀ ਸਰਕਾਰ ਡਿੱਗ ਗਈ ਸੀ, ਜਦ 16 ਵਿਧਾਇਕਾਂ ਨੇ ਦਲ ਬਦਲ ਲਿਆ ਸੀ। ਮਗਰੋਂ ਭਾਜਪਾ ਨੇ ਸਭ ਤੋਂ ਵੱਡੀ ਇਕੋ-ਇਕ ਪਾਰਟੀ ਵਜੋਂ ਸਰਕਾਰ ਬਣਾਈ ਸੀ ਤੇ ਅਯੋਗ ਠਹਿਰਾਏ ਗਏ ਵਿਧਾਇਕਾਂ ਨੇ ਚੋਣ ਲੜੀ ਸੀ। ਇਸੇ ਦੌਰਾਨ ਰਾਹੁਲ ਨੇ ਅੱਜ ਬੰਗਲੁਰੂ ਵਿਚ ‘ਡਿਲਿਵਰੀ’ ਕਰਨ ਵਾਲੇ ਵਰਕਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ। ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ‘ਗਿਗ ਵਰਕਰਜ਼ ਵੈਲਫੇਅਰ ਬੋਰਡ’ ਬਣਾਉਣ ਤੇ ਉਨ੍ਹਾਂ ਲਈ ਫੰਡ ਕਾਇਮ ਕਰਨ ਦਾ ਵਾਅਦਾ ਕੀਤਾ ਹੈ।

Add a Comment

Your email address will not be published. Required fields are marked *