ਕੇਰਲ ‘ਚ ਵੱਡਾ ਹਾਦਸਾ; ਕਿਸ਼ਤੀ ਪਲਟਣ ਨਾਲ 18 ਲੋਕਾਂ ਦੀ ਮੌਤ

ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਤਨੂਰ ਇਲਾਕੇ ‘ਚ ਓਟੂਮਪੁਰਮ ਨੇੜੇ ਐਤਵਾਰ ਸ਼ਾਮ ਨੂੰ ਇਕ ਕਿਸ਼ਤੀ (ਹਾਊਸਬੋਟ) ਪਲਟਣ ਨਾਲ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਕਿਸ਼ਤੀ ਵਿੱਚ 25 ਦੇ ਕਰੀਬ ਯਾਤਰੀ ਸਵਾਰ ਸਨ। ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਕਈ ਐਂਬੂਲੈਂਸਾਂ, ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਵਾਲੰਟੀਅਰ ਕਰਮਚਾਰੀਆਂ ਨਾਲ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਤੇ ਡੁੱਬੀ ਕਿਸ਼ਤੀ ਨੂੰ ਕਿਨਾਰੇ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਅਜਿਹੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਦੁੱਖ ਜਤਾਇਆ ਤੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੀਐੱਮਓ ਦੇ ਇਕ ਟਵੀਟ ਵਿੱਚ ਕਿਹਾ ਗਿਆ, ”ਕੇਰਲ ਦੇ ਮਲਪੁਰਮ ਵਿੱਚ ਕਿਸ਼ਤੀ ਹਾਦਸੇ ਵਿੱਚ ਲੋਕਾਂ ਦੀ ਮੌਤ ਤੋਂ ਮੈਂ ਦੁਖੀ ਹਾਂ। ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ। PMNRF ਤੋਂ 2 ਲੱਖ ਰੁਪਏ ਐਕਸਗ੍ਰੇਸ਼ੀਆ ਵਜੋਂ ਹਰੇਕ ਮ੍ਰਿਤਕ ਦੇ ਵਾਰਿਸਾਂ ਨੂੰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਕ ਬਿਆਨ ਜਾਰੀ ਕਰਕੇ ਹਾਦਸੇ ‘ਚ ਲੋਕਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।

ਉਨ੍ਹਾਂ ਮਲਪੁਰਮ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਐਮਰਜੈਂਸੀ ਬਚਾਅ ਕਾਰਜ ਕਰਨ ਦੇ ਨਿਰਦੇਸ਼ ਦਿੱਤੇ। ਅੱਗ ਬੁਝਾਊ ਅਤੇ ਪੁਲਸ ਦੀਆਂ ਟੀਮਾਂ, ਮਾਲ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਜ਼ਿਲ੍ਹੇ ਦੇ ਤਨੂਰ ਅਤੇ ਤਿਰੂਰ ਖੇਤਰਾਂ ਦੇ ਸਥਾਨਕ ਲੋਕ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਅਬਦੁਰਰਹਿਮਾਨ ਅਤੇ ਰਿਆਸ ਬਚਾਅ ਮੁਹਿੰਮ ਦਾ ਤਾਲਮੇਲ ਕਰਨਗੇ।

Add a Comment

Your email address will not be published. Required fields are marked *