ਭਾਈ ਪਰਮਜੀਤ ਸਿੰਘ ਪੰਜਵੜ ਦੀ ਕੁਰਬਾਨੀ ‘ਤੇ ਕੌਮ ਨੂੰ ਨਾਜ਼ ਹੈ

ਲੰਡਨ : ਬਰਤਾਨੀਆ ‘ਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਵਲੋਂ ਖਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਿੱਖ ਕੌਮ ਪ੍ਰਤੀ ਕੀਤੀ ਕੁਰਬਾਨੀ ਦੀ ਹਾਰਦਿਕ ਪ੍ਰਸ਼ੰਸਾ ਕੀਤੀ ਗਈ ਹੈ। ਪੰਜਾਬ ਪੁਲਸ ਵਲੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿ ਉਸ ਨੇ ਸਿੱਖ ਜੁਝਾਰੂ ਭਾਈ ਪੰਜਵੜ ਨੂੰ ਜਨਮ ਦਿੱਤਾ ਸੀ ਅਤੇ ਭਰਾ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਲਾਪਤਾ ਕਰ ਦਿੱਤਾ ਗਿਆ। ਪਰਮਜੀਤ ਸਿੰਘ ਪੰਜਵੜ ਦੇ ਰੂਪੋਸ਼ ਜੀਵਨ ਦੌਰਾਨ ਰਿਸ਼ਤੇਦਾਰਾਂ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ।

ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਮੌਤ ਦੀ ਉੱਚ ਪੱਧਰੀ ਜਾਂਚ ਲਈ ਆਵਾਜ਼ ਬੁਲੰਦ ਕਰਨ ਦੀ ਸਮੂਹ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਹੈ। ਭਾਈ ਕੰਵਲਜੀਤ ਸਿੰਘ ਸੁਲਤਾਨਵਿੰਡ ਦੀ ਸ਼ਹਾਦਤ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਬਣੇ ਸਨ ਅਤੇ ਲੰਬੇ ਸਮੇਂ ਤੋਂ ਰੂਪੋਸ਼ ਸਨ। ਭਾਈ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਸਥਿਤ ਰਿਹਾਇਸ਼ ਦੇ ਲਾਗੇ ਪਾਰਕ ਵਿੱਚ ਅਣਪਛਾਤੇ ਵਿਆਅਤੀਆਂ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਸ਼ਹੀਦ ਕਰ ਦਿੱਤਾ ਗਿਆ, ਜੋ ਕਿ ਸਿੱਖ ਕੌਮ ਵਾਸਤੇ ਬਹੁਤ ਹੀ ਦੁੱਖਦਾਇਕ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ  ਇਹ ਹਮਲਾ ਭਾਰਤੀ ਏਜੰਸੀਆਂ ਦਾ ਕਾਰਾ ਹੈ। ਇਸ ਤੋਂ ਪਹਿਲਾਂ ਭਾਈ ਹਰਮੀਤ ਸਿੰਘ ਪੀਐੱਚ.ਡੀ. ਨੂੰ ਲਾਹੌਰ ਵਿੱਚ ਡੇਰਾ ਚਾਹਲ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਵਲੋਂ ਅਰਦਾਸ ਹੈ ਕਿ ਅਕਾਲ ਪੁਰਖ ਵਾਹਿਗੁਰੂ ਭਾਈ ਪੰਜਵੜ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਿੰਘਣੀ ਬੀਤੀ ਪਾਲਜੀਤ ਕੌਰ ਜਰਮਨੀ ਵਿੱਚ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ। ਸਮੁੱਚਾ ਪਰਿਵਾਰ ਬਹੁਤ ਕੁਰਬਾਨੀ ਵਾਲਾ ਪਰਿਵਾਰ ਹੈ, ਜਿਸ ‘ਤੇ ਸਿੱਖ ਕੌਮ ਨੂੰ ਨਾਜ਼ ਰਹੇਗਾ।

Add a Comment

Your email address will not be published. Required fields are marked *