ਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ

ਚੰਡੀਗੜ੍ਹ- ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ਼.) ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਕਰੀਬੀ ਹਰਵਿੰਦਰ ਸਿੰਘ ਉਰਫ ਜੁਗਨੂੰ ਵਾਲੀਆ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਜੁਗਨੂੰ ਵਾਲੀਆ ਖ਼ਿਲਾਫ਼ ਕਤਲ, ਕਤਲ ਦੀ ਕੋਸਸਿ, ਜਬਰੀ ਵਸੂਲੀ ਜਿਹੇ ਮਾਮਲੇ ਦਰਜ ਹਨ। ਉਹ ਯੂ.ਪੀ. ਪੁਲਸ ਨੂੰ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਯੂ.ਪੀ. ਸਰਕਾਰ ਵੱਲੋਂ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਉਸ ਦੇ ਕਬਜ਼ੇ ਵਿਚੋਂ .32 ਬੋਰ ਪਿਸਤੌਲ ਸਮੇਤ 6 ਜਿੰਦਾ ਕਾਰਤੂਸ, ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ, ਇਕ ਸਕੌਡਾ ਕਾਰ ਅਤੇ ਦੋ ਵਾਕੀ ਟਾਕੀ ਸੈੱਟ ਵੀ ਬਰਾਮਦ ਕੀਤੇ ਹਨ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਠੋਸ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਏ.ਜੀ.ਟੀ.ਐੱਫ਼. ਦੀਆਂ ਪੁਲਸ ਟੀਮਾਂ ਨੇ ਸਪੈਸ਼ਲ ਆਪ੍ਰੇਸ਼ਨ ਚਲਾ ਕੇ ਮੁਲਜ਼ਮ ਜੁਗਨੂੰ ਵਾਲੀਆ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਪੁਲਸ ਟੀਮਾਂ ਦੀ ਅਗਵਾਈ ਡੀ.ਐੱਸ.ਪੀ. ਰਾਜਨ ਪਰਮਿੰਦਰ ਅਤੇ ਡੀ.ਐੱਸ.ਪੀ. ਰਮਨਦੀਪ ਸਿੰਘ ਕਰ ਰਹੇ ਸਨ।

ਐਂਟੀ ਗੈਂਗਸਟਅਰ ਟਾਸਕ ਫੋਰਸ ਦੇ ਚੀਫ਼ ਪ੍ਰਮੋਦ ਬਾਨ ਨੇ ਕਿਹਾ ਕਿ ਪੁਲਸ ਟੀਮਾਂ ਨੇ ਐੱਫ਼ਆਈ.ਆਰ. ਦਰਜ ਕਰਕੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਇਸ ਵਿਚ ਅੱਗੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਅਸਲਾ ਐਕਟ ਦੀ ਧਾਰਾ 25 (7,8) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120ਬੀ ਅਧੀਨ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਪੰਜਾਬ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *