ਦਿੱਲੀ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, 52 ਡਿਗਰੀ ਦੇ ਪਾਰ ਪੁੱਜਾ ਤਾਪਮਾਨ

ਨਵੀਂ ਦਿੱਲੀ- ਦਿੱਲੀ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਦਿੱਲੀ ਦੇ ਮੁੰਗੇਸ਼ਪੁਰ ਖੇਤਰ ਵਿਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਰਾਸ਼ਟਰੀ ਰਾਜਧਾਨੀ ‘ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਉੱਤਰ-ਪੱਛਮੀ ਦਿੱਲੀ ‘ਚ ਸਥਿਤ ਮੁਗੇਸ਼ਪੁਰ ‘ਚ 49.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। 

ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਇਕ ਦਿਨ ਬਾਅਦ ਯਾਨੀ ਕਿ ਬੁੱਧਵਾਰ ਨੂੰ ਤਾਪਮਾਨ ਹੋਰ ਵਧ ਗਿਆ ਅਤੇ ਮੌਸਮ ਕੇਂਦਰ ਨੇ ਸ਼ਾਮ 4.14 ਵਜੇ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ। ਭਾਰਤੀ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਦਿੱਲੀ ਵਿਚ ਦਰਜ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਤੋਂ ਪਹਿਲਾਂ ਮਈ 2022 ਵਿਚ ਰਾਸ਼ਟਰੀ ਰਾਜਧਾਨੀ ‘ਚ ਸਭ ਤੋਂ ਵੱਧ ਤਾਪਮਾਨ 49.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। 28 ਮਈ ਤੋਂ ਪਹਿਲਾਂ 16 ਮਈ 2022 ਨੂੰ ਸ਼ਹਿਰ ਦਾ ਸਭ ਤੋਂ ਵੱਧ ਤਾਪਮਾਨ 49.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 

ਝੁਲਸਾ ਦੇਣ ਵਾਲੀ ਧੁੱਪ ਅਤੇ ਭਿਆਨਕ ਗਰਮੀ ਨਾਲ ਜੂਝ ਰਹੀ ਦਿੱਲੀ ਵਿਚ ਬਿਜਲੀ ਦੀ ਮੰਗ ਵੀ ਵੱਧਦੀ ਜਾ ਰਹੀ ਹੈ। ਬੁੱਧਵਾਰ ਨੂੰ ਜ਼ਿਆਦਾਤਰ ਮੰਗ ਆਪਣੇ ਹੁਣ ਤੱਕ ਦੇ ਸਭ ਤੋਂ ਉੱਚਤਮ ਪੱਧਰ 8,302 ਮੈਗਾਵਾਟ ‘ਤੇ ਪਹੁੰਚ ਗਈ। ਬਿਜਲੀ ਵੰਡ ਕੰਪਨੀਆਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਬਿਜਲੀ ਦੀ ਵੱਧ ਤੋਂ ਵੱਧ ਮੰਗ 8,300 ਮੈਗਾਵਾਟ ਦਾ ਅੰਕੜਾ ਪਾਰ ਕੀਤਾ ਹੈ। ਦੱਸ ਦੇਈਏ ਕਿ ਰਾਜਧਾਨੀ ਦਿੱਲੀ ਪਿਛਲੇ 10 ਦਿਨਾਂ ਤੋਂ ਭਿਆਨਕ ਗਰਮੀ ਨਾਲ ਜੂਝ ਰਹੀ ਹੈ। ਇਸ ਭਿਆਨਕ ਗਰਮੀ ਵਿਚ ਕੂਲਰ, ਏਅਰ ਕੰਡੀਸ਼ਨਰ ਅਤੇ ਪੱਖਿਆਂ ਨੂੰ ਚਲਾਉਣ ਲਈ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਦਰਮਿਆਨ ਦਿੱਲੀ ਵਿਚ ਪਾਣੀ ਦਾ ਸੰਕਟ ਵੀ ਪੈਦਾ ਹੋ ਗਿਆ ਹੈ। ਮੰਗਲਵਾਰ ਨੂੰ ਦਿੱਲੀ ਸਰਕਾਰ ਵਿਚ ਮੰਤਰੀ ਆਤਿਸ਼ੀ ਨੇ ਕਿਹਾ ਸੀ ਕਿ ਹਰਿਆਣਾ ਵਲੋਂ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਅਜਿਹੇ ਵਿਚ ਦਿੱਲੀ ਦੇ ਕਈ ਇਲਾਕਿਆਂ ਵਿਚ ਪਾਣੀ ਦਾ ਸੰਕਟ ਪੈਦਾ ਹੋ ਗਿਆ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਪਾਣੀ ਬਰਬਾਦ ਨਾ ਕਰੋ। 

Add a Comment

Your email address will not be published. Required fields are marked *