ਗੱਡੀਆਂ ਖੋਹਣ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦਾ ਪਰਦਾਫਾਸ਼

ਗੁਰਦਾਸਪੁਰ : ਪੁਲਸ ਜ਼ਿਲ੍ਹਾ ਬਟਾਲਾ ਵੱਲੋਂ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਹ ਗੈਂਗ ਚਲਾ ਰਹੇ 8 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਇਨ੍ਹਾਂ ਕੋਲੋਂ 2 ਗੱਡੀਆਂ, 5 ਮੋਟਰਸਾਈਕਲ, 4 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦੇਰ ਰਾਤ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ‘ਤੇ ਇਸ ਗੈਂਗ ਵੱਲੋਂ ਪਿਸਤੌਲ ਦੀ ਨੋਕ ‘ਤੇ ਬਟਾਲਾ ਦੇ ਇਕ ਕਾਰੋਬਾਰੀ ਦੀ ਗੱਡੀ ਖੋਹੀ ਗਈ ਸੀ ਤੇ ਕਾਰੋਬਾਰੀ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰਕੇ ਫਰਾਰ ਹੋ ਗਏ ਸਨ। ਉਥੇ ਹੀ ਪੁਲਸ ਅਧਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗੈਂਗ ਮੈਂਬਰਾਂ ਨੇ ਪਹਿਲਾਂ ਵੀ ਜ਼ਿਲ੍ਹਾ ਅੰਮ੍ਰਿਤਸਰ ਤੇ ਹੋਰ ਇਲਾਕਿਆਂ ‘ਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਥੇ ਹੀ ਇਸ ਮਾਮਲੇ ਤੋਂ ਇਲਾਵਾ ਇਕ ਕਤਲ ਅਤੇ ਹੋਰਨਾਂ ਵਾਰਦਾਤਾਂ ‘ਚ ਵਾਂਟੇਡ ਗੈਂਗਸਟਰ ਨੂੰ ਵੀ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ।

ਪੁਲਸ ਜ਼ਿਲ੍ਹਾ ਬਟਾਲਾ ਦੀ ਐੱਸਐੱਸਪੀ ਅਸ਼ਵਨੀ ਗੁਟਿਆਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਬਟਾਲਾ ‘ਚ ਇਕ ਕਾਰੋਬਾਰੀ ‘ਤੇ ਫਾਇਰ ਕਰਕੇ ਜ਼ਖ਼ਮੀ ਕਰਨ ਤੋਂ ਬਾਅਦ ਗੱਡੀ ਖੋਹ ਕੇ ਫਰਾਰ ਹੋਏ ਗੈਂਗਸਟਰਾਂ ਨੂੰ ਕੁਝ ਘੰਟਿਆਂ ਅੰਦਰ ਹੀ ਉਨ੍ਹਾਂ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਗੁਟਿਆਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਰਣਜੋਧ ਸਿੰਘ ਗੈਂਗ ਨਾਂ ਨਾਲ ਜਾਣੇ ਜਾਂਦੇ ਇਸ ਗੈਂਗ ਦੇ 8 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਖੋਹੀਆਂ 2 ਗੱਡੀਆਂ ਅਤੇ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਕੋਲੋਂ 4 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ, ਜਿਨ੍ਹਾਂ ਨਾਲ ਇਨ੍ਹਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ।

ਉਥੇ ਹੀ ਐੱਸਐੱਸਪੀ ਨੇ ਦੱਸਿਆ ਕਿ ਇਹ ਗੈਂਗ ਪਿਸਤੌਲ ਦੀ ਨੋਕ ‘ਤੇ ਪੈਸੇ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਵੱਲੋਂ ਅੰਮ੍ਰਿਤਸਰ, ਮਜੀਠਾ ਇਲਾਕੇ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ 10 ਅਪਰਾਧਿਕ ਮਾਮਲੇ ਦਰਜ ਹਨ। ਉਥੇ ਹੀ ਪੁਲਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਪੁੱਛਗਿੱਛ ‘ਚ ਹੋਰ ਵੀ ਖੁਲਾਸੇ ਹੋਣਗੇ। ਇਸ ਦੇ ਨਾਲ ਹੀ ਬਟਾਲਾ ਪੁਲਸ ਵੱਲੋਂ ਇਕ ਕਤਲ ਦੇ ਮਾਮਲੇ ‘ਚ ਫਰਾਰ ਗੈਂਗਸਟਰ ਸੁਖਰਾਜ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਖ਼ਿਲਾਫ਼ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

Add a Comment

Your email address will not be published. Required fields are marked *