ਸ਼ਰਦ ਪਵਾਰ ਨੇ ਅਸਤੀਫ਼ਾ ਲਿਆ ਵਾਪਸ, ਬਣੇ ਰਹਿਣਗੇ NCP ਪ੍ਰਧਾਨ

ਮੁੰਬਈ : ਸ਼ਰਦ ਪਵਾਰ ਨੇ ਆਪਣੇ ਐਲਾਨ ਤੋਂ ਤਿੰਨ ਦਿਨ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਦੇ ਵੱਧਦੇ ਦਬਾਅ ਵਿਚਾਲੇ ਸ਼ੁੱਕਰਵਾਰ ਨੂੰ ਰਾਸ਼ਟਰੀ ਕਾਂਗਰਸ ਪਾਰਟੀ (NCP) ਪ੍ਰਧਾਨ ਦਾ ਅਹੁਦਾ ਛੱਡਣ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ। ਅਸਤੀਫ਼ਾ ਦੇਣ ਦੇ ਉਨ੍ਹਾਂ ਦੇ ਐਲਾਨ ਨਾਲ 2024 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਇਕਜੁੱਟਤਾ ਦੀਆਂ ਕੋਸ਼ਿਸ਼ਾਂ ‘ਤੇ ਵੀ ਸਵਾਲ ਖੜ੍ਹੇ ਹੋ ਗਏ ਸਨ।

ਆਪਣੀ ਕੁਸ਼ਲ ਸਿਆਸੀ ਪੈਂਤੜੇਬਾਜ਼ੀ ਲਈ ਮਸ਼ਹੂਰ 82 ਸਾਲਾ ਮਰਾਠਾ ਦਿੱਗਜ ਨੇ ਯੂ-ਟਰਨ ਲੈਂਦੇ ਹੋਏ ਕਿਹਾ ਕਿ ਮਹਾਰਾਸ਼ਟਰ ਤੇ ਦੇਸ਼ ਭਰ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ ਸੀ। ਵਾਰਿਸ ਦੀ ਚੋਣ ਲਈ ਸ਼ਰਦ ਪਵਾਰ ਵੱਲੋਂ ਚੁਣੀ ਗਈ ਪਾਰਟੀ ਕਮੇਟੀ ਨੇ ਇਕ ਮਤਾ ਪਾਸ ਕਰ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ। ਇਸ ਦੇ ਕੁੱਝ ਘੰਟੇ ਬਾਅਦ ਸ਼ਰਦ ਪਵਾਰ ਨੇ ਕਿਹਾ, “ਮੈਂ ਤੁਹਾਡੀਆਂ ਭਾਵਨਾਵਾਂ ਦੀ ਬੇਕਦਰੀ ਨਹੀਂ ਕਰ ਸਕਦਾ। ਤੁਹਾਡੇ ਪਿਆਰ ਕਾਰਨ ਮੈਂ ਅਸਤੀਫ਼ਾ ਵਾਪਸ ਲੈਣ ਦੀ ਤੁਹਾਡੀ ਮੰਗ ਨੂੰ ਮਨਜ਼ੂਰ ਕਰਦਾ ਹਾਂ।”

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਦਾ ਭਤੀਜੇ ਤੇ ਪਾਰਟੀ ਦੇ ਸੀਨੀਅਰ ਆਗੂ ਅਜੀਤ ਪਵਾਰ ਨਹੀਂ ਦਿਸੇ। ਸ਼ਰਦ ਪਵਾਰ ਨੇ 2 ਮਈ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ ਤੇ ਅਜੀਤ ਪਵਾਰ ਉਨ੍ਹਾਂ ਦੇ ਇਸ ਕਦਮ ਦਾ ਸਮਰਥਨ ਕਰਦੇ ਦਿਸੇ ਸਨ। ਪਾਰਟੀ ਅੰਦਰ ਵੱਡੀ ਭੂਮਿਕਾ ‘ਤੇ ਨਜ਼ਰ ਲਗਾਏ ਅਜੀਤ ਪਵਾਰ ਨੇ ਬਾਅਦ ਵਿਚ ਆਪਣੀ ਗੈਰ-ਹਾਜ਼ਰੀ ਦੇ ਮੁੱਦੇ ਨੂੰ ਠੰਡਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇਕ ਬਿਆਨ ਵਿਚ ਆਪਣੇ ਚਾਚੇ ਦੇ ਹਾਂ ਪੱਖੀ ਫ਼ੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ, “ਪਾਰਟੀ ਪ੍ਰਧਾਨ ਬਣੇ ਰਹਿਣ ਦਾ ਸ਼ਰਦ ਪਵਾਰ ਦਾ ਫ਼ੈਸਲਾ ਮੇਰੇ ਸਮੇਤ ਸਾਰੇ NCP ਵਰਕਰਾਂ ਨੂੰ ਉਤਸ਼ਾਹਤ ਕਰੇਗਾ ਤੇ ਵਿਰੋਧੀ ਏਕਤਾ ਨੂੰ ਤਾਕਤ ਦੇਵੇਗਾ।” 

Add a Comment

Your email address will not be published. Required fields are marked *