ਵੋਟਾਂ ਖਾਤਰ ਕਾਂਗਰਸ ਨੇ ਅਤਿਵਾਦ ਅੱਗੇ ਸਮਰਪਣ ਕੀਤਾ: ਮੋਦੀ

ਬੇਲਾਰੀ, 5 ਮਈ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਕਿ ਇਹ ਪਾਰਟੀ ਵੋਟ ਬੈਂਕ ਦੀ ਰਾਜਨੀਤੀ ਕਰਦੀ ਹੈ ਅਤੇ ਇਹ ਅਤਿਵਾਦ ਨੂੰ ਪਨਾਹ ਦਿੰਦੀ ਤੇ ਉਸ ਅੱਗੇ ਆਤਮ-ਸਮਰਪਣ ਕਰਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਸਿਰਫ਼ ਇੱਕ ਰਾਜ ’ਚ ਅਤਿਵਾਦੀਆਂ ਦੀ ਧੋਖੇਬਾਜ਼ ਨੀਤੀਆਂ ਅਤੇ ਸਾਜ਼ਿਸ਼ਾਂ ’ਤੇ ਆਧਾਰਿਤ ਇੱਕ ਕੰਮ ਕਿਹਾ ਜਾਂਦਾ ਹੈ। ਉਨ੍ਹਾਂ ਕਾਂਗਰਸ ’ਤੇ ਦਹਿਸ਼ਤੀ ਪ੍ਰਵਿਰਤੀ ਵਾਲੇ ਲੋਕਾਂ ਨਾਲ ਪਿਛਲੇ ਦਰਵਾਜ਼ੇ ਰਾਹੀਂ ਸਿਆਸੀ ਸੌਦੇਬਾਜ਼ੀ ਕਰਨ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਇੱਥੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਕਰਨਾਟਕ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਇੱਥੇ ਅਮਨ ਤੇ ਕਾਨੂੰਨ ਦੀ ਜ਼ਰੂਰਤ ਹੈ। ਕਰਨਾਟਕ ਦਾ ਅਤਿਵਾਦ ਤੋਂ ਮੁਕਤ ਰਹਿਣਾ ਵੀ ਓਨਾ ਹੀ ਜ਼ਰੂਰੀ ਹੈ। ਅਤਿਵਾਦ ਖ਼ਿਲਾਫ਼ ਭਾਜਪਾ ਦਾ ਰੁਖ਼ ਹਮੇਸ਼ਾ ਹੀ ਸਖ਼ਤ ਰਿਹਾ ਹੈ ਪਰ ਜਦੋਂ ਅਤਿਵਾਦ ਖ਼ਿਲਾਫ਼ ਕਾਰਵਾਈ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਦੇ ਢਿੱਡ ਵਿੱਚ ਪੀੜ ਹੋਣ ਲੱਗ ਪੈਂਦੀ ਹੈ।’ ਉਨ੍ਹਾਂ ਕਿਹਾ ਕਿ ਅੱਜ ਭਾਰਤ ਸਮੇਤ ਸਾਰੀ ਦੁਨੀਆ ਅਤਿਵਾਦ ਦੇ ਖਤਰੇ ਨੂੰ ਲੈ ਕੇ ਚਿੰਤਾ ਵਿੱਚ ਹੈ। ਉਨ੍ਹਾਂ ਕਿਹਾ, ‘ਅਤਿਵਾਦ ਮਨੁੱਖਤਾ, ਮਨੁੱਖੀ ਕਦਰਾਂ-ਕੀਮਤਾਂ ਤੇ ਵਿਕਾਸ ਦਾ ਵਿਰੋਧੀ ਹੈ। ਮੈਂ ਹੈਰਾਨ ਹਾਂ ਕਿ ਸਿਰਫ਼ ਵੋਟਾਂ ਖਾਤਰ ਕਾਂਗਰਸ ਨੇ ਅਤਿਵਾਦ ਅੱਗੇ ਸਮਰਪਣ ਕਰ ਦਿੱਤਾ। ਕੀ ਅਜਿਹੀ ਪਾਰਟੀ ਕਰਨਾਟਕ ਦੇ ਲੋਕਾਂ ਦੀ ਰਾਖੀ ਕਰ ਸਕਦੀ ਹੈ। ਅਤਿਵਾਦ ਦੇ ਸਾਏ ਹੇਠ ਇੱਥੋਂ ਦੀ ਸਨਅਤ, ਸੱਭਿਆਚਾਰ ਤੇ ਵਿਰਾਸਤ ਤਬਾਹ ਹੋ ਜਾਵੇਗੀ।’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤਿਵਾਦ ਖ਼ਿਲਾਫ਼ ਬੋਲਣ ਦਾ ਹੌਸਲਾ ਗੁਆ ਚੁੱਕੀ ਹੈ।

Add a Comment

Your email address will not be published. Required fields are marked *