ਮਣੀਪੁਰ ‘ਚ ਭੜਕੀ ਹਿੰਸਾ ਮਗਰੋਂ ਧਰਨਾਕਾਰੀਆਂ ਨੂੰ ਗੋਲ਼ੀ ਮਾਰਨ ਦਾ ਹੁਕਮ

ਮਨੀਪੁਰ ਸਰਕਾਰ ਨੇ ਸੂਬੇ ਵਿੱਚ ਕਬਾਇਲੀ ਤੇ ਬਹੁਗਿਣਤੀ ਮੇਇਤੀ ਭਾਈਚਾਰੇ ਵਿਚਾਲੇ ਭੜਕੀ ਹਿੰਸਾ ਮਗਰੋਂ ‘ਗੰਭੀਰ ਹਾਲਾਤ’ ਵਿੱਚ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਹਿੰਸਾ ਕਰਕੇ 9000 ਤੋਂ ਵੱਧ ਲੋਕ ਘਰੋਂ ਬੇਘਰ ਹੋ ਗਏ ਹਨ। ਪੂਰੇ ਮਨੀਪੁਰ ਵਿੱਚ ਦੰਗੇ ਫੈਲਣ ਮਗਰੋਂ ਫੌਜ ਤੇ ਅਸਾਮ ਰਾਈਫਲਜ਼ ਦੀਆਂ 55 ਕਾਲਮ (ਦਸਤੇ) ਤਾਇਨਾਤ ਕੀਤੇ ਗਏ ਹਨ। ਰੱਖਿਆ ਤਰਜਮਾਨ ਨੇ ਕਿਹਾ ਕਿ ਹਾਲਾਤ ਮੁੜ ਖਰਾਬ ਹੋਣ ਦੀ ਸਥਿਤੀ ਵਿੱਚ ਫੌਜ ਨੇ 14 ਦਸਤਿਆਂ ਨੂੰ ਤਿਆਰ ਬਰ ਤਿਆਰ ਰੱਖਿਆ ਹੈ। ਉਧਰ ਕੇਂਦਰ ਸਰਕਾਰ, ਜਿਸ ਵੱਲੋਂ ਸੂਬੇ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਨੇ ਹਿੰਸਾ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਤਾਇਨਾਤੀ ਲਈ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੀਆਂ ਟੀਮਾਂ ਰਵਾਨਾਂ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ ਇਹ ਟੀਮਾਂ ਅੱਜ ਦੇਰ ਸ਼ਾਮ ਇੰਫਾਲ ਹਵਾਈ ਅੱਡੇ ’ਤੇ ਪੁੱਜ ਗਈਆਂ ਹਨ। ਪੂਰੇ ਸੂਬੇ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਹਨ ਤੇ ਮੇਇਤੀ ਭਾਈਚਾਰੇ ਦੀ ਵਸੋਂ ਵਾਲੇ ਇੰਫਾਲ ਪੱਛਮੀ, ਕਾਂਕਚਿੰਗ, ਹੂਬਲ, ਜੀਰੀਬਾਮ ਤੇ ਬਿਸ਼ਨੂਪੁਰ ਜ਼ਿਲ੍ਹਿਆਂ ਤੇ ਕਬਾਇਲੀ ਬਹੁਗਿਣਤੀ ਵਾਲੇ ਚੁਰਾਚਾਂਦਪੁਰ, ਕਾਂਗਪੋਕਪੀ ਤੇ ਟੈਂਗੋਉਪਲ ਜ਼ਿਲ੍ਹਿਆਂ ਵਿੱਚ ਕਰਫਿਊ ਲਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਨਾਗਾ ਤੇ ਕੁਕੀ ਕਬਾਇਲੀਆਂ ਨੇ ਬਹੁਗਿਣਤੀ ਮੇਇਤੀ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ (ਐੱਸਟੀ) ਦਾ ਦਰਜਾ ਦੇਣ ਖਿਲਾਫ਼ ਬੁੱਧਵਾਰ ਨੂੰ ਕੱਢੇ ‘ਕਬਾਇਲੀ ਇਕਜੁੱਟਤਾ ਮਾਰਚ’ ਦੌਰਾਨ ਹਿੰਸਾ ਭੜਕੀ ਸੀ। ਰਵਾਇਤੀ ਭਾਈਚਾਰਿਆਂ ਵੱਲੋਂ ਕੀਤੇ ਜਵਾਬੀ ਹਮਲਿਆਂ ਮਗਰੋਂ ਦੇਰ ਰਾਤ ਹਿੰਸਾ ਵੱਧ ਗਈ। ‘ਵੇਖਦੇ ਗੋਲੀ ਮਾਰਨ’ ਦੇ ਹੁਕਮ ਸੂਬੇ ਦੇ ਰਾਜਪਾਲ ਵੱਲੋਂ ਜਾਰੀ ਕੀਤੇ ਗੲੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਮੈਜਿਸਟਰੇਟਾਂ ਨੂੰ ਹਾਲਾਤ ਮੁਤਾਬਕ ਹੁਕਮ ਜਾਰੀ ਕਰਨ ਦੀ ਖੁੱਲ੍ਹ ਰਹੇਗੀ। ਸੂਬਾ ਸਰਕਾਰ ਦੇ ਕਮਿਸ਼ਨਰ (ਗ੍ਰਹਿ) ਦੇ ਦਸਤਖ਼ਤਾਂ ਹੇਠ ਇਹ ਹੁਕਮ ਫੌਜਦਾਰੀ ਪ੍ਰੋਸੀਜ਼ਰ ਕੋਡ 1973 ਤਹਿਤ ਜਾਰੀ ਕੀਤੇ ਗਏ ਹਨ। ਇਸ ਦੌਰਾਨ ਫੌਜ ਤੇ ਅਸਾਮ ਰਾਈਫਲਜ਼ ਨੇ ਚੁਰਾਚਾਂਦਪੁਰ ਦੇ ਖੁਗਾ, ਟਾਂਪਾ, ਖੋਮਾਉਜਾਂਬਾ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ। ਰੱਖਿਆ ਤਰਮਮਾਨ ਨੇ ਕਿਹਾ ਕਿ ਇੰਫਾਲ ਵਾਦੀ ਦੇ ਮੰਤਰੀਪੁਖਰੀ, ਲਾਂਫੇਲ, ਕੋਇਰੰਗੀ ਖੇਤਰ ਅਤੇ ਕਾਕਚਿੰਗ ਜ਼ਿਲ੍ਹੇ ਦੇ ਸੁਗਨੂ ਵਿੱਚ ਵੀ ਅਜਿਹੀਆਂ ਮਸ਼ਕਾਂ ਕੀਤੀਆਂ ਗਈਆਂ। ਹਾਲਾਤ ਦੀ ਗੰਭੀਰਤਾ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਦੇ ਮੁੱਖ ਮੰੰਤਰੀ ਐੱਨ.ਬਿਰੇਨ ਸਿੰਘ ਨਾਲ ਗੱਲਬਾਤ ਕਰਦੇ ਸੂਬੇ ਵਿੱਚ ਹਾਲਾਤ ਦਾ ਜਾਇਜ਼ਾ ਲਿਆ। ਤਰਜਮਾਨ ਨੇ ਕਿਹਾ ਕਿ ਹੁਣ ਤੱਕ 9000 ਵਿਅਕਤੀਆਂ ਨੂੰ ਹਿੰਸਾ ਦੇ ਝੰਬੇ ਇਲਾਕਿਆਂ ’ਚੋਂ ਕੱਢ ਕੇ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਲੋਕਾਂ ਨੂੰ ਵੀ ਤਬਦੀਲ ਕੀਤਾ ਜਾ ਰਿਹਾ ਹੈ। ਤਰਜਮਾਨ ਮੁਤਾਬਕ ਕੁਝ 5000 ਲੋਕਾਂ ਨੂੰ ਚੁਰਚਾਂਦਪੁਰ ਵਿੱਚ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ ਜਦੋਂਕਿ 2000 ਲੋਕਾਂ ਨੂੰ ਇੰਫਾਲ ਵਾਦੀ ਤੇ 2000 ਹੋਰਨਾਂ ਨੂੰ ਟੇਨੂਗੋਪਾਲ ਜ਼ਿਲ੍ਹੇ ਦੇ ਸਰਹੱਦੀ ਕਸਬੇ ਮੋਰੇਹ ਤੋਂ ਤਬਦੀਲ ਕੀਤਾ ਹੈ। ਤਰਜਮਾਨ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਰੱਖਣ ਲਈ ਫਲੈਗ ਮਾਰਚ ਕੱਢੇ ਜਾ ਰਹੇ ਹਨ।

ਚੇਤੇ ਰਹੇ ਕਿ ਮਨੀਪੁਰ ਹਾਈ ਕੋਰਟ ਨੇ ਪਿਛਲੇ ਮਹੀਨੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਉਹ ਮੇਇਤੀ ਭਾਈਚਾਰੇ ਨੂੰ ਐੱਸਟੀ ਦਰਜੇ ਦੀ ਮੰਗ ਸਬੰਧੀ ਸਿਫਾਰਸ਼ ਚਾਰ ਹਫਤਿਆਂ ਵਿੱਚ ਕੇਂਦਰ ਸਰਕਾਰ ਨੂੰ ਭੇਜੇ। ਆਲ ਟਰਾਈਬਲ ਸਟੂਡੈਂਟ ਯੂਨੀਅਨ ਮਨੀਪੁਰ ਨੇ ਗੈਰ-ਕਬਾਇਲੀ ਮੇਇਤੀ, ਜਿਨ੍ਹਾਂ ਦੀ ਸੂਬੇ ਵਿੱਚ 53 ਫੀਸਦ ਆਬਾਦੀ ਹੈ, ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਖਿਲਾਫ਼ ਲੰਘੇ ਦਿਨ ਸੂਬੇ ਦੇ ਦਸ ਪਹਾੜੀ ਜ਼ਿਲ੍ਹਿਆਂ ਵਿੱਚ ‘ਕਬਾਇਲੀ ਇਕਜੁੱਟਤਾ ਮਾਰਚ’ ਦਾ ਪ੍ਰਬੰਧ ਕੀਤਾ ਸੀ। ਪੁਲੀਸ ਮੁਤਾਬਕ ਚੁਰਾਚਾਂਦਪੁਰ ਜ਼ਿਲ੍ਹੇ ਦੇ ਟੋਰਬੰਗ ਇਲਾਕੇ ਵਿੱਚ ਕੱਢੇ ਮਾਰਚ ਦੌਰਾਨ ਹਥਿਆਰਾਂ ਨਾਲ ਲੈਸ ਹਜੂਮ ਨੇ ਮੇਇਤੀ ਭਾਈਚਾਰੇ ’ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਵਾਦੀ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਘੱਟਗਿਣਤੀ ਭਾਈਚਾਰਿਆਂ ’ਤੇ ਜਵਾਬੀ ਹਮਲੇ ਸ਼ੁਰੂ ਹੋ ਗਏ ਤੇ ਪੂਰੇ ਸੂਬੇ ਵਿੱਚ ਹਿੰਸਾ ਫੈਲ ਗਈ। ਹਿੰਸਾ ਦੌਰਾਨ ਦੁਕਾਨਾਂ ਤੇ ਘਰਾਂ ਦੀ ਭੰਨਤੋੜ ਕਰਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਗਈ।

Add a Comment

Your email address will not be published. Required fields are marked *