ਦੋਨੇਤਸਕ ਵਿੱਚ ਮੇਅਰ ਦੇ ਦਫ਼ਤਰ ’ਤੇ ਰਾਕੇਟਾਂ ਨਾਲ ਹਮਲਾ

16 ਅਕਤੂਬਰ– ਰੂਸ ਪੱਖੀ ਅਧਿਕਾਰੀਆਂ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਯੂਕਰੇਨ ਨੇ ਦੋਨੇਤਸਕ ’ਚ ਮੇਅਰ ਦੇ ਦਫ਼ਤਰ ’ਤੇ ਰਾਕੇਟਾਂ ਨਾਲ ਹਮਲਾ ਕੀਤਾ ਹੈ। ਉਧਰ ਯੂਕਰੇਨ ਨੇ ਕਿਹਾ ਕਿ ਜ਼ਾਪੋਰਿਜ਼ੀਆ ਪਰਮਾਣੂ ਪਾਵਰ ਪਲਾਂਟ ਤੋਂ ਰੂਸੀ ਰਾਕੇਟ ਦਾਗ਼ੇ ਗਏ ਹਨ ਜਿਸ ’ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਵੱਖਵਾਦੀਆਂ ਦੇ ਕਬਜ਼ੇ ਵਾਲੇ ਦੋਨੇਤਸਕ ’ਚ ਮਿਉਸਿਪਲ ਇਮਾਰਤ ਨੂੰ ਰਾਕੇਟ ਹਮਲੇ ’ਚ ਭਾਰੀ ਨੁਕਸਾਨ ਹੋਇਆ ਹੈ। ਹਮਲੇ ’ਚ ਇਮਾਰਤ ਨੇੜੇ ਖੜ੍ਹੀਆਂ ਕਾਰਾਂ ਨੂੰ ਵੀ ਅੱਗ ਲੱਗ ਗਈ। ਉਂਜ ਕੀਵ ਨੇ ਫੌਰੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰੂਸੀ ਹਮਾਇਤ ਵਾਲੇ ਵੱਖਵਾਦੀਆਂ ਨੇ ਪਹਿਲਾਂ ਯੂਕਰੇਨ ’ਤੇ ਉਨ੍ਹਾਂ ਦੇ ਖ਼ਿੱਤੇ ’ਚ ਹਮਲੇ ਕਰਨ ਦੇ ਦੋਸ਼ ਲਾਏ ਸਨ। ਯੂਕਰੇਨੀ ਰਾਸ਼ਟਰਪਤੀ ਦੇ ਦਫ਼ਤਰ ਦੇ ਉਪ ਮੁਖੀ ਕਿਰਿਲੋ ਟਿਮੋਸ਼ੇਂਕੋ ਨੇ ਕਿਹਾ ਕਿ ਹਮਲਿਆਂ ਮਗਰੋਂ ਨਿਕੋਪੋਲ ਦੇ ਦੋ ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ’ਚ ਪੰਜ ਪਾਵਰ ਲਾਈਨਾਂ, ਗੈਸ ਪਾਈਪਲਾਈਨਾਂ ਅਤੇ ਕੁਝ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜ਼ਾਪੋਰਿਜ਼ੀਆ ਖ਼ਿੱਤੇ ’ਚ ਰੂਸੀ ਰਾਕੇਟਾਂ ਦੇ ਹਮਲੇ ’ਚ ਦੋ ਸਕੂਲ, ਇਕ ਪਾਰਕ ਅਤੇ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਯੂਕਰੇਨੀ ਫ਼ੌਜ ਨੇ ਰੂਸ ਦੀ ਹਮਾਇਤ ਵਾਲੇ ਲੜਾਕਿਆਂ ’ਤੇ ਦੋਸ਼ ਲਾਇਆ ਹੈ ਕਿ ਉਹ ਕਬਜ਼ੇ ’ਚ ਲਏ ਗਏ ਇਲਾਕਿਆਂ ’ਚੋਂ ਆਮ ਲੋਕਾਂ ਨੂੰ ਕੱਢ ਕੇ ਉਥੇ ਅਧਿਕਾਰੀਆਂ ਨੂੰ ਠਹਿਰਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੌਮਾਂਤਰੀ ਮਾਨਵੀ ਕਾਨੂੰਨ ਦੀ ਉਲੰਘਣਾ ਦਾ ਮਾਮਲਾ ਹੈ।

Add a Comment

Your email address will not be published. Required fields are marked *