ਲੰਡਨ ‘ਚ ਸਿੱਖਾਂ ਨੂੰ ਖ਼ਤਰਾ! ਖਾਲਿਸਤਾਨ ਦਾ ਵਿਰੋਧ ਕਰਨ ਵਾਲੇ ਸਿੱਖ ਰੈਸਟੋਰੈਂਟ ਮਾਲਕ ‘ਤੇ ਤਿੰਨ ਵਾਰ ਹਮਲਾ

ਲੰਡਨ : ਖਾਲਿਸਤਾਨ ਸਮਰਥਕਾਂ ਨੇ ਇੱਕ ਵਾਰ ਫਿਰ ਭਾਰਤ ਖਿਲਾਫ ਹਿੰਸਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਆਸਟ੍ਰੇਲੀਆ, ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਵਿਚ ਭਾਰਤੀ ਸੰਸਥਾਵਾਂ ਅਤੇ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਲੰਡਨ ਵਿਚ ਇਨ੍ਹਾਂ ਖਾਲਿਸਤਾਨ ਪੱਖੀ ਕੱਟੜਪੰਥੀਆਂ ਨੇ ਹਿੰਦੁਸਤਾਨ ਦੇ ਸਮਰਥਕਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਉਹ ਸਿੱਖ ਜਿਹੜੇ ਖਾਲਿਸਤਾਨ ਲਹਿਰ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਅਜਿਹੇ ਪੀੜਤ ਸਿੱਖਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਵੱਲੋਂ ਵੀ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਨਹੀਂ ਮਿਲ ਰਹੀ। ਹਾਲ ਹੀ ਵਿੱਚ ਯੂਕੇ ਦੇ ਇੱਕ ਸਿੱਖ ਰੈਸਟੋਰੈਂਟ ਦੇ ਮਾਲਕ ਨੂੰ ਖਾਲਿਸਤਾਨ ਵਿਰੋਧੀ ਪੋਸਟ ਲਈ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਤੋਂ ਕੁਝ ਦਿਨ ਬਾਅਦ, ਲੰਡਨ ਵਿਚ ਇਕ ਸਿੱਖ ਰੈਸਟੋਰੈਂਟ ਦੇ ਮਾਲਕ ਹਰਮਨ ਸਿੰਘ ਕਪੂਰ ਦੇ ਰੈਸਟੋਰੈਂਟ ‘ਤੇ ਖਾਲਿਸਤਾਨ ਸਮਰਥਕਾਂ ਨੇ ਹਮਲਾ ਕੀਤਾ ਸੀ। ਕਪੂਰ ਨੇ ਸਵਾਲ ਉਠਾਇਆ ਕਿ ਕੀ ਸਾਨੂੰ ਪੁਲਿਸ ਕਾਰਵਾਈ ਲਈ ਮਰਨਾ ਪਵੇਗਾ? ਸੋਸ਼ਲ ਮੀਡੀਆ ‘ਤੇ ਖਾਲਿਸਤਾਨ ਵਿਰੋਧੀ ਅੰਦੋਲਨ ਦੀ ਵੀਡੀਓ ਪੋਸਟ ਕਰਨ ਤੋਂ ਬਾਅਦ ਕਪੂਰ ਨੂੰ ਆਪਣੀ ਜਾਨ ਨੂੰ ਖ਼ਤਰਾ ਹੈ। ਹਰਮਨ, ਉਸ ਦੀ ਪਤਨੀ ਖੁਸ਼ੀ ਅਤੇ ਦੋ ਬੱਚਿਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ‘ਤੇ ਹੁਣ ਤੱਕ ਤਿੰਨ ਵਾਰ ਹਮਲਾ ਹੋ ਚੁੱਕਾ ਹੈ।

ਉਸ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਕਾਰ ਦਾ ਪਿੱਛਾ ਉਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਕੀਤਾ ਜਾ ਰਿਹਾ ਸੀ, ਜਿਸ ਵਿੱਚ ਉਸ ਨੇ ਵਿਦੇਸ਼ਾਂ ਵਿੱਚ ਖਾਲਿਸਤਾਨ ਪੱਖੀ ਲਹਿਰ ਬਾਰੇ ਸਵਾਲ ਕੀਤੇ ਸਨ। ਹਰਮਨ ਨੇ ਕਿਹਾ ਕਿ ਹਮਲੇ ਉਦੋਂ ਸ਼ੁਰੂ ਹੋਏ ਜਦੋਂ ਉਸਨੇ ਟਿਕਟੋਕ ‘ਤੇ ਇੱਕ ਵੀਡੀਓ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਇਹ ਖਾਲਿਸਤਾਨ ਲਹਿਰ ਕੁਝ ਸਮਾਂ ਪਹਿਲਾਂ ਸ਼ੁਰੂ ਹੋਈ ਸੀ। ਅੱਜ ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਵਸੇ ਲੋਕਾਂ ਦਾ ਇੱਕ ਵਰਗ ਖਾਲਿਸਤਾਨ ਚਾਹੁੰਦਾ ਹੈ, ਪਰ ਭਾਰਤ ਦੇ ਲੋਕ ਇਹ ਨਹੀਂ ਚਾਹੁੰਦੇ।

Add a Comment

Your email address will not be published. Required fields are marked *