ਅਮਰੀਕਾ ਦੇ ਡਾਕਟਰਾਂ ਨੇ ਤਰਨਜੀਤ ਸੰਧੂ ਨੂੰ ਦਿੱਤੀ ਸ਼ਾਨਦਾਰ ਵਿਦਾਇਗੀ

ਨਿਊਯਾਰਕ- ਅਮਰੀਕਾ ਦੇ ਉੱਘੇ ਡਾਕਟਰਾਂ ਵੱਲੋਂ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਉਨ੍ਹਾਂ ਦੀ ਸੇਵਾਮੁਕਤੀ ‘ਤੇ ਜ਼ੂਮ ਮੀਟਿੰਗ ਰਾਹੀਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ। ਇਸ ਵਿਦਾਇਗੀ ਮੀਟਿੰਗ ਦਾ ਆਯੋਜਨ ਡਾ. ਸੁਧੀਰ ਸੇਖਸਰੀਆ ਅਤੇ ਡਾ. ਰਾਜ ਭਿਆਨੀ ਨੇ ਕੀਤਾ। ਇਸ ਵਿਚ ਡਾ. ਮਨਬੀਰ ਠੱਕਰ, ਡਾ. ਹੇਮੰਤ ਢੀਂਗਰਾ, ਡਾ. ਨਰਿੰਦਰ ਕੁਮਾਰ ਸਮੇਤ ਚੋਟੀ ਦੇ 30 ਡਾਕਟਰਾਂ ਨੇ ਭਾਗ ਲਿਆ।  

ਮੀਟਿੰਗ ਦੀ ਸ਼ੁਰੂਆਤ ਵਿਚ ਡਾ. ਸੁਧੀਰ ਸੇਖਸਰੀਆ ਅਤੇ ਡਾ. ਰਾਜ ਭਿਆਨੀ ਨੇ ਤਰਨਜੀਤ ਸੰਧੂ ਵੱਲੋਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿਚ ਨਿਭਾਈ ਗਈ ਅਹਿਮ ਭੂਮਿਕਾ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੀ ਸਫ਼ਲਤਾ ਦਾ ਸਿਹਰਾ ਵੀ ਤਰਨਜੀਤ ਸੰਧੂ ਨੂੰ ਦਿੱਤਾ। ਇਸ ਦੌਰਾਨ ਡਾ. ਹੇਮੰਤ ਢੀਂਗਰਾ ਨੇ ਕਿਹਾ ਕਿ ਤਰਨਜੀਤ ਸੰਧੂ ਦੀ ਦੂਰਅੰਦੇਸ਼ੀ ਸਦਕਾ ਭਾਰਤ ਅਤੇ ਅਮਰੀਕਾ ਦੇ ਆਰਥਿਕ ਸਬੰਧ ਵੀ ਨਵੀਆਂ ਉਚਾਈਆਂ ‘ਤੇ ਪਹੁੰਚੇ ਹਨ। ਡਾ. ਮਨਬੀਰ ਠੱਕਰ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਵੱਲੋਂ ਅਮਰੀਕਾ ਵਿਚ 4 ਸਾਲਾਂ ਤੱਕ ਕੀਤੀ ਗਈ ਮਿਹਨਤ ਸਦਕਾ ਵਾਸ਼ਿੰਗਟਨ ਡੀ.ਸੀ. ਸਥਿਤ ਇੰਡੀਆ ਹਾਊਸ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਅਮਰੀਕਾ ਵਿਚ ਭਾਰਤੀ ਭਾਈਚਾਰਾ ਹੋਰ ਮਜ਼ਬੂਤ ​​ਹੋਇਆ ਹੈ। 

ਇਸ ਦੌਰਾਨ ਡਾ. ਵਿਨੋਦ ਸ਼ਾਹ ਅਤੇ ਡਾ. ਹਰਭਜਨ ਅਜਰਾਵਤ ਨੇ ਤਰਨਜੀਤ ਸਿੰਘ ਸੰਧੂ ਵੱਲੋਂ ਅਮਰੀਕਾ ‘ਚ ਵਸੇ ਭਾਰਤੀ ਮੂਲ ਦੇ ਡਾਕਟਰਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਤਮਾਮ ਡਾਕਟਰਾਂ ਨੇ ਤਰਨਜੀਤ ਸਿੰਘ ਸੰਧੂ ਵੱਲੋਂ ਭਾਰਤੀ ਵਿਦੇਸ਼ ਸੇਵਾ ਵਿਚ ਆਪਣੇ ਕਾਰਜਕਾਲ ਦੌਰਾਨ ਅਮਰੀਕਾ ਤੋਂ ਇਲਾਵਾ ਸ੍ਰੀਲੰਕਾ ਅਤੇ ਹੋਰ ਦੇਸ਼ਾਂ ਵਿਚ ਭਾਰਤ ਨੂੰ ਮਿਲੇ ਲਾਭਾਂ ਦਾ ਵੀ ਜ਼ਿਕਰ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਪ੍ਰਧਾਨ ਗੈਰੀ ਸਿੱਕਾ ਨੇ ਵੀ ਤਰਨਜੀਤ ਸੰਧੂ ਵੱਲੋਂ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਹਿੰਦੂ-ਸਿੱਖ ਏਕਤਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। 

ਇਸ ਦੌਰਾਨ ਤਰਨਜੀਤ ਸਿੰਘ ਸੰਧੂ ਨੇ ਭਾਰਤੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਦੇ ਸਬੰਧਾਂ ਦੀ ਮਜ਼ਬੂਤੀ ਵਿਚ ਅਮਰੀਕਾ ਵਿਚ ਵੱਸਦੇ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਡਾਕਟਰਾਂ ਦੀ ਵੱਡੀ ਭੂਮਿਕਾ ਹੈ।

Add a Comment

Your email address will not be published. Required fields are marked *