ਲੱਖਾਂ ਦੀ ਜਾਅਲੀ ਕਾਰੰਸੀ ਬਰਾਮਦ, ਔਰਤ ਸਮੇਤ 2 ਮੁਲਜ਼ਮ ਕਾਬੂ

ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਸ ਨੇ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 14 ਲੱਖ 92 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਖੁਲਾਸਾ ਕਰਦਿਆਂ ਥਾਣਾ ਬਡਾਲੀ ਆਲਾ ਸਿੰਘ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਐੱਸਪੀ (ਡੀ.) ਦਿਗਵਿਜੇ ਕਪਿਲ ਤੇ ਡੀਐੱਸਪੀ ਬੱਸੀ ਪਠਾਣਾ ਅਮਰਪ੍ਰੀਤ ਸਿੰਘ ਦੀਆਂ ਹਦਾਇਤਾਂ ‘ਤੇ ਥਾਣਾ ਬਡਾਲੀ ਆਲਾ ਸਿੰਘ ਦੇ ਐੱਸਐੱਚਓ ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਏਐੱਸਆਈ ਜਸਵੀਰ ਸਿੰਘ ਦੀ ਪੁਲਸ ਪਾਰਟੀ ਨੇ 28 ਅਪ੍ਰੈਲ ਗਸ਼ਤ ਦੌਰਾਨ ਦਾਣਾ ਮੰਡੀ ਪੀਰ ਜੈਨ ਵਿਖੇ ਮੁਖ਼ਬਰ ਖਾਸ ਦੀ ਇਤਲਾਹ ‘ਤੇ ਅਮਰਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਮੋਹਣਪੁਰ ਥਾਣਾ ਸ਼ਾਹਬਾਦ ਮਾਰਕੰਡਾ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਹਾਲ ਵਾਸੀ ਕਿਰਾਏਦਾਰ ਦੀਪੀ ਦੇ ਮਕਾਨ ਨੇੜੇ ਪੰਕਜ ਕਰਿਆਨਾ ਸਟੋਰ ਕਰਤਾਰ ਨਗਰ ਖੰਨਾ (ਲੁਧਿਆਣਾ) ਜੋ ਜਾਅਲੀ ਕਰੰਸੀ ਵੇਚਣ ਦਾ ਧੰਦਾ ਕਰਦੀ ਹੈ, ਅਸਲ 1 ਲੱਖ ਬਦਲੇ 3 ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੀ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਥਾਣਾ ਬਡਾਲੀ ਆਲਾ ਸਿੰਘ ਵਿਖੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਕਤ ਮੁਲਜ਼ਮ ਔਰਤ ਅਮਰਜੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 6 ਲੱਖ 79 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਔਰਤ ਦੀ ਪੁੱਛਗਿੱਛ ‘ਤੇ ਕਥਿਤ ਮੁਲਜ਼ਮ ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਅਮਰ ਸਿੰਘ ਵਾਸੀ ਕੱਚਾ ਕਿਲਾ ਬੀਬੀ ਪਾਲੋ ਦਾ ਡੇਰਾ ਵਾਰਡ ਨੰਬਰ 15 ਰਾਏਕੋਟ ਥਾਣਾ ਰਾਏਕੋਟ (ਲੁਧਿਆਣਾ) ਨੂੰ ਉਕਤ ਮਾਮਲੇ ‘ਚ ਹੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ 1 ਲੱਖ 13 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਕਥਿਤ ਮੁਲਜ਼ਮ ਔਰਤ ਅਮਰਜੀਤ ਕੌਰ ਪਾਸੋਂ 3 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਕਥਿਤ ਮੁਲਜ਼ਮ ਸਰਬਜੀਤ ਸਿੰਘ ਕੋਲੋਂ 4 ਲੱਖ ਰੁਪਏ ਦੀ ਹੋਰ ਜਾਅਲੀ ਕਰੰਸੀ ਬਰਾਮਦ ਹੋਈ। ਇਸ ਤਰ੍ਹਾਂ ਕਥਿਤ ਮੁਲਜ਼ਮਾਂ ਕੋਲੋਂ ਕੁਲ 14 ਲੱਖ 92 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ ਹੈ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸਐੱਚਓ ਨਰਪਿੰਦਰ ਸਿੰਘ ਤੇ ਹੋਰ ਪੁਲਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Add a Comment

Your email address will not be published. Required fields are marked *