ਭਾਜਪਾ ਆਗੂ ਤੇ ਸਾਬਕਾ ਕੌਂਸਲਰ ਨੂੰ ਦਿੱਤੀ AK-47 ਨਾਲ ਗੋਲ਼ੀ ਮਾਰਨ ਦੀ ਧਮਕੀ

ਲੁਧਿਆਣਾ – ਵਿਧਾਨ ਸਭਾ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਵਰਿੰਦਰ ਸਹਿਗਲ ਨੂੰ ਇਕ ਅਕਾਲੀ ਦਲ ਦੇ ਵਰਕਰ ਨੇ ਏ. ਕੇ.-47 ਨਾਲ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਗਈ। ਅੱਜ ਵਾਰਡ ਨੰ. 5 ਦੇ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਨੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੇ ਦੋਸਤ ਕਮਲ ਵਰਮਾ ਹੈਪੀ ਦੀ ਗੱਡੀ ਕੁਝ ਦਿਨ ਪਹਿਲਾਂ ਹੈਪੀ ਦਾ ਇਕ ਜਾਣਕਾਰ ਘਰੋਂ ਚਾਬੀ ਚੁੱਕ ਕੇ ਚੋਰੀ ਕਰ ਕੇ ਲੈ ਗਿਆ ਸੀ। ਜਦੋਂ ਹੈਪੀ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਨੇ ਕਾਰ ਚੋਰੀ ਕਰਨ ਵਾਲੇ ਅਕਾਲੀ ਨੇਤਾ ਨੂੰ ਮੋਬਾਇਲ ਫ਼ੋਨ ’ਤੇ ਕਾਲ ਕੀਤੀ, ਜਿਸ ਤੋਂ ਬਾਅਦ ਪੂਜੇ ਪਾਸਿਓਂ ਗੱਡੀ ਚੋਰੀ ਕਰਨ ਵਾਲੇ ਨੇ ਫ਼ੋਨ ’ਤੇ ਵਰਿੰਦਰ ਸਹਿਗਲ ਅਤੇ ਇਕ ਹੋਰ ਸਾਬਕਾ ਕੌਂਸਲਰ ਨੂੰ ਏ. ਕੇ.-47 ਨਾਲ ਗੋਲ਼ੀ ਮਾਰਨ ਦੀ ਧਮਕੀ ਦਿੱਤੀ। ਫ਼ੋਨ ਕਰਨ ਵਾਲੇ ਅਕਾਲੀ ਨੇਤਾ ਨੇ ਇਹ ਵੀ ਧਮਕੀ ਦਿੱਤੀ ਕਿ ਉਹ ਕਿਸੇ ਵੀ ਹਾਲਤ ’ਚ ਵਰਿੰਦਰ ਸਹਿਗਲ ਨੂੰ ਕੌਂਸਲਰ ਦੀ ਚੋਣ ਜਿੱਤਣ ਨਹੀਂ ਦੇਵੇਗਾ।

ਸਹਿਗਲ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਕਤ ਅਕਾਲੀ ਨੇਤਾ ਨੇ ਸ਼ਰਾਬ ਪੀ ਕੇ ਇਕ ਮੰਦਰ ’ਤੇ ਇੱਟਾਂ ਵਰ੍ਹਾਈਆਂ ਤੇ ਗਾਲੀ-ਗਲੋਚ ਵੀ ਕੀਤਾ ਸੀ, ਜਿਸ ਦੀ ਸਾਰੀ ਪੈਰਵਾਈ ਖੁਦ ਸਹਿਗਲ ਕਰ ਰਹੇ ਸਨ। ਬਾਅਦ ’ਚ ਉਕਤ ਵਿਅਕਤੀ ਨੇ ਮੰਦਰ ਕਮੇਟੀ ਤੋਂ ਮੁਆਫੀ ਮੰਗ ਕੇ ਰਾਜ਼ੀਨਾਮਾ ਕਰ ਲਿਆ ਸੀ ਅਤੇ ਉਸੇ ਰੰਜਿਸ਼ ਕਾਰਨ ਉਕਤ ਅਕਾਲੀ ਨੇਤਾ ਉਸ ਨੂੰ ਗੋਲ਼ੀ ਮਾਰਨ ਦੀ ਧਮਕੀ ਦੇ ਰਿਹਾ ਹੈ। ਅਕਾਲੀ ਨੇਤਾ ਵੱਲੋਂ ਸਹਿਗਲ ਨੂੰ ਗੋਲ਼ੀ ਮਾਰਨ ਦੀ ਦਿੱਤੀ ਧਮਕੀ ਦੀ ਆਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਪੁਲਸ ਨੂੰ ਸ਼ਿਕਾਇਤ ਦੇ ਨਾਲ ਦਿੱਤੀ ਗਈ ਹੈ।

ਜਦੋਂ ਇਸ ਸਬੰਧੀ ਥਾਣਾ ਮੁਖੀ ਗੁਰਮੁਖ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਫ਼ੋਨ ਕਮਲ ਵਰਮਾ ਦੀ ਪਤਨੀ ਨੂੰ ਕੀਤਾ ਸੀ, ਜਿਸ ਬਾਰੇ ਕਮਲ ਵਰਮਾ ਦਾ ਉਸ ਵਿਅਕਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ। ਹਾਲ ਦੀ ਘੜੀ ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ।

Add a Comment

Your email address will not be published. Required fields are marked *