ਅਮਰੀਕਾ ‘ਚ 2 ਲਾਪਤਾ ਨਾਬਾਲਗਾਂ ਦੀ ਭਾਲ ਦੌਰਾਨ ਇਕ ਘਰ ‘ਚੋਂ ਮਿਲੀਆਂ 7 ਲੋਕਾਂ ਦੀਆਂ ਲਾਸ਼ਾਂ

ਹੈਨਰੀਟਾ- ਅਮਰੀਕਾ ਦੇ ਓਕਲਾਹੋਮਾ ਦੇ ਇਕ ਪੇਂਡੂ ਇਲਾਕੇ ਵਿਚ ਅਧਿਕਾਰੀਆਂ ਨੂੰ 2 ਲਾਪਤਾ ਨਾਬਾਲਗਾਂ ਦੀ ਭਾਲ ਵਿਚ ਇਕ ਘਰ ਦੀ ਤਲਾਸ਼ੀ ਦੌਰਾਨ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਓਕਲਾਹੋਮਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਬੁਲਾਰੇ ਗੇਰਾਲਡ ਡੇਵਿਡਸਨ ਨੇ ਦੱਸਿਆ ਕਿ ਲਾਸ਼ਾਂ ਸੋਮਵਾਰ ਨੂੰ ਓਕਲਾਹੋਮਾ ਸਿਟੀ ਤੋਂ ਲਗਭਗ 145 ਕਿਲੋਮੀਟਰ ਪੂਰਬ ਵੱਲ ਹੈਨਰੀਟਾ ਸ਼ਹਿਰ ਦੇ ਨੇੜੇ ਮਿਲੀਆਂ। ਇਸ ਨਗਰ ਦੀ ਆਬਾਦੀ 6,000 ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਡਾਕਟਰ ਨੂੰ ਮ੍ਰਿਤਕਾਂ ਦੀ ਸ਼ਨਾਖਤ ਕਰਨੀ ਪਵੇਗੀ ਪਰ ਅਧਿਕਾਰੀ ਹੁਣ ਲਾਪਤਾ ਨਾਬਾਲਗਾਂ ਜਾਂ ਉਹ ਜਿਸ ਵਿਅਕਤੀ ਨਾਲ ਸਨ, ਉਸ ਦੀ ਭਾਲ ਨਹੀਂ ਕਰ ਰਹੇ ਹਨ।

ਓਕਮੁਲਜੀ ਕਾਉਂਟੀ ਸ਼ੈਰਿਫ ਐਡੀ ਰਾਈਸ ਨੇ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕਰਨ, ਲਾਸ਼ਾਂ ਕਿੱਥੇ ਮਿਲੀਆਂ ਜਾਂ ਉਥੋਂ ਬਰਾਮਦ ਕਿਸੇ ਵੀ ਹਥਿਆਰ ਦੇ ਬਾਰੇ ਵਿਚ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ 14 ਸਾਲਾ ਈਵੀ ਵੇਸਟਰ ਅਤੇ 16 ਸਾਲਾ ਬ੍ਰਿਟਨੀ ਬ੍ਰੀਵਰ ਦੇ ਲਾਪਤਾ ਹੋਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਇਸ ਵਿਚ ਕਿਹਾ ਗਿਆ ਸੀ ਕਿ ਦੋਵਾਂ ਨੂੰ ਜੇਸੀ ਮੈਕਫੈਡਨ ਨਾਲ ਜਾਂਦੇ ਹੋਏ ਦੇਖਿਆ ਗਿਆ ਸੀ, ਜਿਸਦਾ ਸੂਬੇ ਵਿਚ ਜਿਨਸੀ ਹਿੰਸਾ ਦੇ ਅਪਰਾਧਾਂ ਦਾ ਇਤਿਹਾਸ ਰਿਹਾ ਹੈ। ਬ੍ਰਿਟਨੀ ਬ੍ਰੀਵਰ ਦੇ ਪਿਤਾ ਨੇ KOTV ਨੂੰ ਦੱਸਿਆ ਕਿ ਬਰਾਮਦ ਕੀਤੀਆਂ ਲਾਸ਼ਾਂ ਵਿੱਚੋਂ ਇੱਕ ਉਸਦੀ ਧੀ ਦੀ ਹੈ।

Add a Comment

Your email address will not be published. Required fields are marked *