ਕੈਨੇਡਾ ਦੇ ਮੋਸਟ ਵਾਂਟੇਡ 25 ਅਪਰਾਧੀਆਂ ਦੀ ਲਿਸਟ ‘ਚ ਗੋਲਡੀ ਬਰਾੜ ਦਾ ਵੀ ਨਾਂ ‘BOLO’ ਸੂਚੀ ‘ਚ ਸ਼ਾਮਲ

ਟੋਰਾਂਟੋ – ਭਾਰਤ ਸਰਕਾਰ ਨੂੰ ਪਹਿਲਾਂ ਹੀ ਲੋੜੀਂਦਾ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਹੁਣ ਕੈਨੇਡਾ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵੱਲੋਂ ਕਤਲ ਲਈ ਲੋੜੀਂਦੇ ਬਰਾੜ ਦਾ ਨਾਮ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਅਪਡੇਟ ਸੂਚੀ ‘ਬੋਲੋ (ਬੀ ਆਨ ਦਿ ਲੁੱਕਆਊਟ) ਪ੍ਰੋਗਰਾਮ’ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋਮਵਾਰ ਨੂੰ $750,000 ਤੋਂ ਵੱਧ ਇਨਾਮਾਂ ਦੀ ਘੋਸ਼ਣਾ ਕੀਤੀ ਗਈ, ਜਿਸ ਵਿੱਚ 25 ਮੋਸਟ ਵਾਂਟੇਡ ਅਪਰਾਧੀਆਂ ਵਿੱਚੋਂ ਕਈਆਂ ‘ਤੇ $50,000 ਤੋਂ $100,000 ਤੱਕ ਦਾ ਇਨਾਮ ਰੱਖਿਆ ਗਿਆ।

ਇੱਥੇ ਦੱਸ ਦੇਈਏ ਕਿ ਸਤਿੰਦਰਜੀਤ ਸਿੰਘ ਬਰਾੜ ਉਰਫ ਗੋਲਡੀ ਬਰਾੜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਕਥਿਤ ਮਾਸਟਰਮਾਈਂਡ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਗਿਰੋਹ ਨਾਲ ਸਬੰਧਤ ਹੈ। ਹਾਲਾਂਕਿ ਸੂਚੀ ਵਿੱਚ 15ਵੇਂ ਸਥਾਨ ‘ਤੇ ਰਹਿਣ ਵਾਲੇ ਗੋਲਡੀ ਬਰਾੜ ਲਈ ਕੋਈ ਇਨਾਮ ਨਹੀਂ ਹੈ। ਉਹ 2017 ‘ਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਪਹੁੰਚਿਆ ਸੀ। ਉਸ ਨੇ ਕਥਿਤ ਤੌਰ ‘ਤੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਉਦੋਂ ਤੋਂ ਉਹ ਫਰਾਰ ਹੈ। ਉਹ ਪੰਜਾਬ ਦੇ ਮੁਕਤਸਰ ਦਾ ਰਹਿਣ ਵਾਲਾ ਹੈ। ਇੰਟਰਪੋਲ ਮੁਤਾਬਕ 29 ਸਾਲਾ ਗੋਲਡੀ ਬਰਾੜ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦੇ ਖਿਲਾਫ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ, ਜੋ ਭਗੌੜੇ ਦੀ ਗ੍ਰਿਫਤਾਰੀ ਦੀ ਇਜਾਜ਼ਤ ਦਿੰਦਾ ਹੈ। ਪੰਜਾਬ ਪੁਲਸ ਨੇ ਪਿਛਲੇ ਸਾਲ 29 ਮਈ ਨੂੰ ਮਾਨਸਾ ਜ਼ਿਲ੍ਹੇ ਵਿੱਚ ਮੂਸੇਵਾਲਾ ਦੇ ਕਤਲ ਲਈ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Add a Comment

Your email address will not be published. Required fields are marked *