ਪੇਸ਼ਾਵਰ ’ਚ ਅਦਾਕਾਰ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਮੰਗਣ ਦੀ ਪਟੀਸ਼ਨ ਖਾਰਿਜ

ਪੇਸ਼ਾਵਰ –ਪਾਕਿਸਤਾਨ ਦੀ ਇਕ ਅਦਾਲਤ ਨੇ ਖੈਬਰ-ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਸਥਿਤ ਸਵ. ਬਾਲੀਵੁੱਡ ਅਦਾਕਾਰਾ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਇਸ ਹਵੇਲੀ ਨੂੰ 2016 ’ਚ ਸੂਬਾਈ ਸਰਕਾਰੀ ਨੇ ਰਾਸ਼ਟਰੀ ਵਿਰਾਸਤ ਐਲਾਨ ਕੀਤਾ ਸੀ। ਪੇਸ਼ਾਵਰ ਹਾਈ ਕੋਰਟ ਦੇ ਜੱਜ ਇਸ਼ਤਿਯਾਕ ਇਬ੍ਰਾਹਿਮ ਅਤੇ ਜੱਜ ਅਬਦੁੱਲ ਸ਼ਕੂਰ ਦੇ ਬੈਂਚ ਨੇ ਇਥੇ ਪ੍ਰਸਿੱਧ ਕਿੱਸਾ ਖਵਾਨੀ ਬਾਜ਼ਾਰ ਵਿਚ ਸਥਿਤ ਸਵਰਗੀ ਅਦਾਕਾਰ ਦਿਲੀਪ ਕੁਮਾਰ ਦੀ ਹਵੇਲੀ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਨਾਲ ਸਬੰਧਤ ਇਸੇ ਅਦਾਲਤ ਦੇ ਪਹਿਲੇ ਫੈਸਲੇ ਦੇ ਆਲੋਕ ’ਚ ਇਹ ਪਟੀਸ਼ਨ ਖਾਰਿਜ ਕੀਤੀ। ਦਿਲੀਪ ਕੁਮਾਰ ਦੀ ਹਵੇਲੀ ਨੂੰ ਵੀ ਰਾਸ਼ਟਰੀ ਵਿਰਾਸਤ ਐਲਾਨ ਕੀਤਾ ਗਿਆ ਸੀ। ਇਹ ਐਲਾਨ ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਸੰਘੀ ਸਰਕਾਰ ਨੇ ਕੀਤਾ ਸੀ।

ਖੈਬਰ ਪਖਤੂਨਖਵਾ ਸੂਬੇ ਦੇ ਵਧੀਕ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਸੂਬਾਈ ਪੁਰਾਤੱਤਵ ਵਿਭਾਗ ਨੇ 2016 ’ਚ ਇਕ ਨੋਟੀਫਿਕੇਸ਼ਨ ਰਾਹੀਂ ਕਪੂਰ ਹਵੇਲੀ ਨੂੰ ਰਾਸ਼ਟਰੀ ਵਿਰਾਸਤ ਐਲਾਨ ਕੀਤਾ ਸੀ। ਇਸ ’ਤੇ ਜੱਜ ਸ਼ਕੂਰ ਨੇ ਪੁਰਾਤੱਤਵ ਵਿਭਾਗ ਨੂੰ ਪੁੱਛਿਆ ਕਿ ਕੀ ਉਸ ਦੇ ਕੋਲ ਕੋਈ ਦਸਤਾਵੇਜ਼ ਜਾਂ ਸਬੂਤ ਹਨ ਕਿ ਰਾਜ ਕਪੂਰ ਦਾ ਪਰਿਵਾਰ ਕਦੇ ਹਵੇਲੀ ਵਿਚ ਰਹਿੰਦਾ ਸੀ।

ਪਟੀਸ਼ਨਕਰਤਾ ਸਈਅਦ ਮੁਹੰਮਦ ਦੇ ਵਕੀਲ ਸਬਾਹੁਦੀਨ ਖੱਟਕ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਦੇ ਪਿਤਾ ਨੇ 1969 ਵਿਚ ਇਕ ਨਿਲਾਮੀ ਵਿਚ ਇਹ ਹਵੇਲੀ ਖਰੀਦੀ ਸੀ ਅਤੇ ਉਨ੍ਹਾਂ ਨੇ ਇਸ ਦੀ ਲਾਗਤ ਦਾ ਭੁਗਤਾਨ ਕੀਤਾ ਸੀ ਅਤੇ ਸੂਬਾਈ ਸਰਕਾਰ ਦੀ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੱਕ ਉਹ ਪੂਰਨ ਮਾਲਕ ਬਣੇ ਰਹੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੂਬਾਈ ਸਰਕਾਰ ਦੇ ਕਿਸੇ ਵੀ ਵਿਭਾਗ ਕੋਲ ਇਹ ਸਾਬਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਹਨ ਕਿ ਸਵ. ਰਾਜ ਕਪੂਰ ਅਤੇ ਉਨ੍ਹਾਂ ਦਾ ਪਰਿਵਾਰ ਇਸ ਹਵੇਲੀ ’ਚ ਰਿਹਾ ਜਾਂ ਜਾਇਦਾਦ ’ਤੇ ਉਨ੍ਹਾਂ ਦੀ ਮਾਲਕੀ ਸੀ।

ਪੇਸ਼ਾਵਰ ਦੇ ਪ੍ਰਸਿੱਧ ਕਿੱਸਾ ਖਵਾਨੀ ਬਾਜ਼ਾਰ ਵਿਚ ਸਥਿਤ ਇਸ ਹਵੇਲੀ ਨੂੰ 1918 ਅਤੇ 1922 ਦਰਮਿਆਨ ਅਭਿਨੇਤਾ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਬਣਵਾਇਆ ਸੀ। ਰਾਜ ਕਪੂਰ ਅਤੇ ਉਨ੍ਹਾਂ ਦੇ ਚਾਚਾ ਤ੍ਰਿਲੋਕ ਕਪੂਰ ਦਾ ਜਨਮ ਇਥੇ ਹੋਇਆ ਸੀ। ਰਿਸ਼ੀ ਕਪੂਰ ਅਤੇ ਉਨ੍ਹਾਂ ਦੇ ਭਰਾ ਰਣਧੀਰ ਨੇ 1990 ਦੇ ਦਹਾਕੇ ਵਿਚ ਹਵੇਲੀ ਦਾ ਦੌਰਾ ਕੀਤਾ ਸੀ।

Add a Comment

Your email address will not be published. Required fields are marked *