‘ਮੈਂ ਖ਼ੁਦ ਇਨ੍ਹੀਂ ਦਿਨੀਂ ਡਰ ਗਿਆ ਹਾਂ’, ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਪੜ੍ਹੋ ਸਲਮਾਨ ਖ਼ਾਨ ਦਾ ਬਿਆਨ

ਮੁੰਬਈ – ਸਲਮਾਨ ਖ਼ਾਨ ਇਨ੍ਹੀਂ ਦਿਨੀਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਕਰਕੇ ਸੁਰਖ਼ੀਆਂ ’ਚ ਹਨ ਪਰ ਇਸ ਦੌਰਾਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਤੋਂ ਹੀ ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਨੂੰ ਆਪਣਾ ਅਗਲਾ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੂੰ ਇਥੋਂ ਤੱਕ ਕਿਹਾ ਗਿਆ ਹੈ ਕਿ ਉਹ 30 ਅਪ੍ਰੈਲ ਯਾਨੀ ਅੱਜ ਹੀ ਅਦਾਕਾਰ ਨੂੰ ਮਾਰ ਦੇਣਗੇ। ਹੁਣ ਸਲਮਾਨ ਖ਼ਾਨ ਨੇ ਇਨ੍ਹਾਂ ਸਾਰੀਆਂ ਧਮਕੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਉਹ ਇਨ੍ਹਾਂ ਸਾਰਿਆਂ ਨਾਲ ਕਿਵੇਂ ਨਜਿੱਠ ਰਹੇ ਹਨ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਵਿਚਕਾਰ ਸਲਮਾਨ ਨੂੰ ਮੁੰਬਈ ਪੁਲਸ ਨੇ Y+ ਸੁਰੱਖਿਆ ਦਿੱਤੀ ਹੈ। ਹੁਣ ਇੰਡੀਆ ਟੀ. ਵੀ. ਦੇ ਸ਼ੋਅ ‘ਆਪ ਕੀ ਅਦਾਲਤ’ ’ਚ ਗੱਲਬਾਤ ਕਰਦਿਆਂ ਸਲਮਾਨ ਨੇ ਕਿਹਾ, ‘‘ਅਸੁਰੱਖਿਆ ਨਾਲੋਂ ਸੁਰੱਖਿਆ ਬਿਹਤਰ ਹੈ। ਹਾਂ ਮੈਂ ਸੁਰੱਖਿਆ ਲਈ ਹੈ। ਹੁਣ ਸੜਕ ’ਤੇ ਸਾਈਕਲ ਚਲਾਉਣਾ ਤੇ ਇਕੱਲੇ ਕਿਤੇ ਵੀ ਜਾਣਾ ਸੰਭਵ ਨਹੀਂ ਹੈ ਤੇ ਇਸ ਤੋਂ ਵੀ ਵੱਧ ਹੁਣ ਮੈਨੂੰ ਇਹ ਸਮੱਸਿਆ ਹੈ ਕਿ ਜਦੋਂ ਮੈਂ ਟ੍ਰੈਫਿਕ ’ਚ ਹੁੰਦਾ ਹਾਂ ਤਾਂ ਬਹੁਤ ਸੁਰੱਖਿਆ ਹੁੰਦੀ ਹੈ ਪਰ ਇਹ ਦੂਜਿਆਂ ਲਈ ਸਮੱਸਿਆਵਾਂ ਪੈਦਾ ਕਰਦੀ ਹੈ। ਉਹ ਮੈਨੂੰ ਅਜੀਬ ਨਜ਼ਰ ਨਾਲ ਦੇਖਦੇ ਹਨ। ਮੇਰੇ ਵਿਚਾਰੇ ਪ੍ਰਸ਼ੰਸਕ ਪਰ ਧਮਕੀ ਗੰਭੀਰ ਹੈ, ਇਸ ਲਈ ਸੁਰੱਖਿਆ ਦਿੱਤੀ ਗਈ ਹੈ।’’

ਸਲਮਾਨ ਖ਼ਾਨ ਡਰੇ ਹੋਏ ਹਨ
ਉਨ੍ਹਾਂ ਕਿਹਾ, ‘‘ਮੈਨੂੰ ਜੋ ਕਿਹਾ ਜਾਂਦਾ ਹੈ, ਮੈਂ ਉਹੀ ਕਰ ਰਿਹਾ ਹਾਂ। ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਇਕ ਡਾਇਲਾਗ ਹੈ ਕਿ ਜੇ ਉਸ ਨੇ 100 ਵਾਰ ਖ਼ੁਸ਼ਕਿਸਮਤ ਬਣਨਾ ਹੈ ਤਾਂ ਮੈਨੂੰ ਇਕ ਵਾਰ ਖ਼ੁਸ਼ਕਿਸਮਤ ਬਣਨਾ ਪਵੇਗਾ। ਇਸ ਲਈ ਮੈਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਮੈਂ ਪੂਰੀ ਸੁਰੱਖਿਆ ਨਾਲ ਹਰ ਜਗ੍ਹਾ ਜਾ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਜੋ ਹੋਣਾ ਹੈ ਉਹ ਹੋਵੇਗਾ ਭਾਵੇਂ ਤੁਸੀਂ ਜੋ ਵੀ ਕਰੋ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਮਾਤਮਾ ਉਥੇ ਹੈ। ਅਜਿਹਾ ਨਹੀਂ ਹੈ ਕਿ ਮੈਂ ਖੁੱਲ੍ਹ ਕੇ ਘੁੰਮਣ ਲੱਗ ਜਾਵਾਂਗਾ। ਹੁਣ ਮੇਰੇ ਆਲੇ-ਦੁਆਲੇ ਇੰਨੇ ਸ਼ੇਰਾ ਹਨ, ਇੰਨੀਆਂ ਬੰਦੂਕਾਂ ਮੇਰੇ ਨਾਲ ਚੱਲ ਰਹੀਆਂ ਹਨ ਕਿ ਮੈਂ ਆਪ ਵੀ ਇਨ੍ਹੀਂ ਦਿਨੀਂ ਡਰਿਆ ਹੋਇਆ ਹਾਂ।’’

ਨਾਬਾਲਗ ਵਲੋਂ ਧਮਕੀ ਦਿੱਤੀ ਗਈ
ਦੱਸ ਦੇਈਏ ਕਿ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਕੁਝ ਦਿਨ ਬਾਅਦ ਇਕ ਨਾਬਾਲਗ ਨੇ ਸਲਮਾਨ ਖ਼ਾਨ ਨੂੰ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੂੰ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਦੱਸਿਆ ਸੀ ਕਿ 10 ਅਪ੍ਰੈਲ ਨੂੰ ਕੰਟਰੋਲ ਰੂਮ ’ਚ ਧਮਕੀ ਭਰੀ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਰੌਕੀ ਭਾਈ ਜੋਧਪੁਰ, ਰਾਜਸਥਾਨ ਵਜੋਂ ਦੱਸੀ। ਉਸ ਨੇ ਕਿਹਾ ਕਿ ਉਹ ਗਊ ਰੱਖਿਅਕ ਹੈ। ਫੋਨ ਕਰਨ ਵਾਲੇ ਨੇ 30 ਅਪ੍ਰੈਲ ਨੂੰ ਸਲਮਾਨ ਖ਼ਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।

Add a Comment

Your email address will not be published. Required fields are marked *