ਬਾਦਲ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਨਵਜੋਤ ਸਿੱਧੂ, ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ

ਸ੍ਰੀ ਮੁਕਤਸਰ ਸਾਹਿਬ/ਲੰਬੀ : ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਸ਼ਖਸੀਅਤਾਂ ਦੁੱਖ ਪ੍ਰਗਟ ਕਰਨ ਪਿੰਡ ਬਾਦਲ ਵਿਖੇ ਪਹੁੰਚ ਰਹੀਆਂ ਹਨ। ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਿੰਡ ਬਾਦਲ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ 95 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ। ਦੇਸ਼ ਦੇ ਵੱਡੇ ਆਗੂ ਸਰਦਾਰ ਬਾਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਿੰਡ ਬਾਦਲ ਪਹੁੰਚ ਰਹੇ ਹਨ। 

ਨਵਜੋਤ ਸਿੱਧੂ ਨੇ ਕਿਹਾ ਕਿ ਪਿਤਾ ਦਾ ਦੁਨੀਆ ਤੋਂ ਜਾਣਾ ਬਹੁਤ ਵੱਡਾ ਦੁੱਖਾ ਹੈ ਅਤੇ ਉਹ ਇਹ ਦੁੱਖ ਹੰਢਾ ਚੁੱਕੇ ਹਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨੂੰ ਲੋਕਾਂ ਨੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਸੀ, ਇਸ ਦਾ ਸਨਮਾਨ ਹੋਣਾ ਚਾਹੀਦਾ ਹੈ। ਉਹ ਉਨ੍ਹਾਂ ਨਾਲ 150 ਤੋਂ 200 ਰੈਲੀਆਂ ਕਰ ਚੁੱਕੇ ਹਨ, ਜਿਹੜੀਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰਹਿਣਗੀਆਂ। ਸਰਦਾਰ ਬਾਦਲ ਨਾਲ ਉਨ੍ਹਾਂ ਦੇ ਜਿਹੜੇ ਵੀ ਮਨ-ਮੁਟਾਵ ਸਨ ਉਹ ਉਨ੍ਹਾਂ ਦੇ ਨਾਲ ਹੀ ਦਫ਼ਨ ਹੋ ਗਏ ਹਨ। ਸਰਦਾਰ ਬਾਦਲ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ ਹੈ। ਉਨ੍ਹਾਂ ਦੀ ਖਾਸੀਅਤ ਸੀ ਕਿ ਉਹ ਆਪਣੀ ਯੋਜਨਾ ਕਿਸੇ ਨੂੰ ਨਹੀਂ ਦੱਸਦੇ ਸਨ। ਸਰਦਾਰ ਬਾਦਲ ਕਹਿੰਦੇ ਸੀ ਜੇ ਤੁਹਾਡੇ ਅੰਦਰ ਕੋਈ ਵੱਡੀ ਯੋਜਨਾ ਹੈ ਤਾਂ ਇਸ ਬਾਰੇ ਆਪਣੀ ਘਰਵਾਲੀ ਨੂੰ ਵੀ ਨਾ ਦੱਸੋ, ਬਾਦਲ ਸੁਣਦੇ ਸਭ ਦੀ ਸੀ ਪਰ ਬੋਲਦੇ ਨਹੀਂ ਸੀ। ਇਕ ਹੋਰ ਯਾਦ ਸਾਂਝੀ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਹੰਦ ਵਿਚ ਇਕ ਵਾਰ ਜਦੋਂ ਬਾਦਲ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਬਚਪਨ ਦਾ ਦੋਸਤ ਮਿਲਿਆ ਅਤੇ ਬਹੁਤ ਬੁਰਾ ਭਲਾ ਕਿਹਾ ਇਸ ਮੌਕੇ ਬਾਦਲ ਨਾਲ ਮੌਜੂਦ ਇੰਸਪੈਕਟਰ ਉਸ ਨੂੰ ਫੜਨ ਲੱਗਾ ਤਾਂ ਸਰਦਾਰ ਬਾਦਲ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਮੇਰਾ ਦੋਸਤ ਹੈ ਇਸ ਨੂੰ ਹੱਕ ਹੈ ਬੋਲਣ ਦਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਦੁੱਖ ਸਹਿਣ ਦੀ ਤਾਕਤ ਦੇਵੇ ਅਤੇ ਸਰਦਾਰ ਬਾਦਲ ਦੀ ਆਤਮਾ ਨੂੰ ਚਰਨਾ ’ਚ ਨਿਵਾਸ ਬਖਸ਼ੇ।

Add a Comment

Your email address will not be published. Required fields are marked *