ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸਤ, ਲਾਸ ਏਂਜਲਸ ਇਲਾਕੇ ‘ਚ ਧੁੰਦ ਕਾਰਨ ਵਾਪਰੀ ਘਟਨਾ

 ਲਾਸ ਏਂਜਲਸ ਦੇ ਇਕ ਇਲਾਕੇ ‘ਚ ਸ਼ਨੀਵਾਰ ਰਾਤ ਨੂੰ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਜਹਾਜ਼ ਦੇ ਮਲਬੇ ‘ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਰਾਤ 11:20 ‘ਤੇ ਇਕ ਅਲਰਟ ਜਾਰੀ ਕਰਦਿਆਂ ਕਿਹਾ ਕਿ ਜਿੱਥੇ ਜਹਾਜ਼ ਕਰੈਸ਼ ਹੋਇਆ, ਉਸ ਦੇ ਨੇੜੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਸਿੰਗਲ ਇੰਜਣ ਵਾਲੇ ਜਹਾਜ਼ ਦੇ ਪਾਇਲਟ ਦੀ ਪਛਾਣ ਨਹੀਂ ਹੋ ਸਕੀ ਤੇ ਮੰਨਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਕੋਈ ਹੋਰ ਨਹੀਂ ਸੀ। ਫਾਇਰ ਕਰਮੀਆਂ ਨੂੰ ਬੇਵਰਲੀ ਗਲੇਨ ਸਰਕਲ ਵਿੱਚ ਇਕ ਪਹਾੜੀ ‘ਤੇ ਜਹਾਜ਼ ਦੇ ਮਲਬੇ ਦਾ ਪਤਾ ਲੱਗਾ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਓਹੀਓ ‘ਚ ਇਕ ਵੱਡਾ ਜਹਾਜ਼ ਹਾਦਸਾ ਹੋਣੋਂ ਟਲ਼ ਗਿਆ ਸੀ। ਦਰਅਸਲ, ਟੇਕ-ਆਫ਼ ਦੇ ਤੁਰੰਤ ਬਾਅਦ ਇੰਜਣ ਨੂੰ ਅੱਗ ਲੱਗ ਗਈ ਸੀ। ਪਿਛਲੇ ਐਤਵਾਰ ਅਮਰੀਕਾ ਦੇ ਓਹੀਓ ‘ਚ ਇਕ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਸੀ। ਹਾਲਾਂਕਿ, ਜਹਾਜ਼ ਸੁਰੱਖਿਅਤ ਜ਼ਮੀਨ ‘ਤੇ ਪਰਤ ਆਇਆ। ‘ਅਮਰੀਕਨ ਏਅਰਲਾਈਨਜ਼’ ਦੀ ਫਲਾਈਟ ਨੰਬਰ 1958 ਨੇ ਕੋਲੰਬਸ ਦੇ ਜੌਹਨ ਗਲੇਨ ਕੋਲੰਬਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 8.45 ਵਜੇ ਉਡਾਣ ਭਰੀ ਸੀ ਅਤੇ ਫੀਨਿਕਸ ਵੱਲ ਜਾ ਰਹੀ ਸੀ। ਟੇਕ-ਆਫ਼ ਤੋਂ ਥੋੜ੍ਹੀ ਦੇਰ ਬਾਅਦ ਅੱਗ ਲੱਗਣ ਦਾ ਪਤਾ ਲੱਗਾ ਅਤੇ ਬੋਇੰਗ 737 ਹਵਾਈ ਅੱਡੇ ‘ਤੇ ਵਾਪਸ ਆ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

Add a Comment

Your email address will not be published. Required fields are marked *