ਪਤਨੀ ਨੂੰ ਡਰੱਗਜ਼ ਦੇ ਕੇ ਦੂਜੇ ਮਰਦਾਂ ਤੋਂ ਕਰਵਾਉਂਦਾ ਸੀ ਰੇਪ

ਪਤੀ-ਪਤਨੀ ਦਾ ਰਿਸ਼ਤਾ ਬਹੁਤ ਅਨਮੋਲ ਹੁੰਦਾ ਹੈ ਪਰ ਅੱਜ ਦੇ ਦੌਰ ‘ਚ ਇਸ ਦੀ ਕੋਈ ਕੀਮਤ ਨਹੀਂ ਰਹਿ ਗਈ। ਫਰਾਂਸ ਤੋਂ ਪਤੀ-ਪਤਨੀ ਦੇ ਰਿਸ਼ਤੇ ਦਾ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਦਰਅਸਲ, ਫਰਾਂਸ ‘ਚ ਇਕ ਵਿਅਕਤੀ ਆਪਣੀ ਪਤਨੀ ਨੂੰ ਨਸ਼ੀਲਾ ਪਦਾਰਥ ਖੁਆ ਕੇ ਦੂਜੇ ਆਦਮੀਆਂ ਦੁਆਰਾ ਜਬਰ-ਜ਼ਨਾਹ ਕਰਵਾਉਂਦਾ ਸੀ। ਪਤਨੀ ਵੀ ਇਸ ਗੱਲ ਤੋਂ ਅਣਜਾਣ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ।

‘ਦਿ ਟੈਲੀਗ੍ਰਾਫ’ ਦੀ ਇਕ ਰਿਪੋਰਟ ਮੁਤਾਬਕ ਪਤਨੀ ਨਾਲ ਇਹ ਸਿਲਸਿਲਾ 10 ਸਾਲ ਤੱਕ ਚੱਲਦਾ ਰਿਹਾ। ਪੁਲਸ ਨੇ ਰੇਪ ਦੇ 92 ਮਾਮਲਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ‘ਚੋਂ 51 ਪੁਰਸ਼ ਅਜਿਹੇ ਸਨ, ਜਿਨ੍ਹਾਂ ਦੀ ਉਮਰ 26 ਤੋਂ 73 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਨੂੰ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਬਾਕੀ ਲੋਕਾਂ ਦੀ ਭਾਲ ਕਰ ਰਹੀ ਹੈ। ਜਿਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿੱਚ ਫਾਇਰਮੈਨ, ਡਰਾਈਵਰ, ਨਗਰ ਕੌਂਸਲਰ, ਬੈਂਕਾਂ ਵਿੱਚ ਆਈਟੀ ਕਰਮਚਾਰੀ, ਜੇਲ੍ਹ ਗਾਰਡ, ਨਰਸਾਂ ਅਤੇ ਪੱਤਰਕਾਰ ਸ਼ਾਮਲ ਹਨ। ਇਹ ਸਾਰੀਆਂ ਘਟਨਾਵਾਂ 2011 ਤੋਂ 2020 ਦਰਮਿਆਨ ਵਾਪਰੀਆਂ।

ਰਿਪੋਰਟ ਮੁਤਾਬਕ ਮੁਲਜ਼ਮ ਦੀ ਪਛਾਣ ਡੋਮੀਨਿਕ ਪੀ ਵਜੋਂ ਹੋਈ ਹੈ। ਮੁਲਜ਼ਮ ਆਪਣੀ ਪਤਨੀ ਦੇ ਖਾਣੇ ‘ਚ ਐਂਟੀ-ਐਂਜ਼ਾਏਟੀ ਡਰੱਗ ਮਿਲਾਉਂਦਾ ਸੀ। ਪਤੀ ਫਰਾਂਸ ਦੇ ਮਜ਼ਾਨ ਵਿੱਚ ਆਪਣੇ ਘਰ ਸੁੱਤੀ ਔਰਤ ਨਾਲ ਜਿਨਸੀ ਹਰਕਤਾਂ ਕਰਨ ਲਈ ਅਖੌਤੀ ਮਹਿਮਾਨਾਂ ਨੂੰ ਬੁਲਾਇਆ ਕਰਦਾ ਸੀ। ਇੰਨਾ ਹੀ ਨਹੀਂ, ਦੋਸ਼ੀ ਇਨ੍ਹਾਂ ਜਿਨਸੀ ਹਰਕਤਾਂ ਨੂੰ ਕੈਮਰੇ ‘ਚ ਕੈਦ ਕਰਦਾ ਸੀ ਅਤੇ ਫੁਟੇਜ ਨੂੰ ‘ABUSES’ ਨਾਂ ਦੀ ਫਾਈਲ ਦੇ ਰੂਪ ‘ਚ USB ਡਰਾਈਵ ‘ਚ ਸੇਵ ਕਰਦਾ ਸੀ। ਫਿਲਹਾਲ ਇਹ ਡਰਾਈਵ ਹੁਣ ਪੁਲਸ ਕੋਲ ਹੈ। ਪੁਲਸ ਨੇ ਦੱਸਿਆ ਕਿ ਜੋੜੇ ਦੇ ਵਿਆਹ ਨੂੰ 50 ਸਾਲ ਤੋਂ ਵੱਧ ਹੋ ਗਏ ਹਨ ਅਤੇ ਉਨ੍ਹਾਂ ਦੇ 3 ਬੱਚੇ ਵੀ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਨੇ ਫੜੇ ਜਾਣ ਦੇ ਡਰੋਂ ਤੰਬਾਕੂ ਅਤੇ ਪਰਫਿਊਮ ‘ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਇਸ ਨਾਲ ਉਸ ਦੀ ਪਤਨੀ ਜਾਗ ਸਕਦੀ ਸੀ। ਇਸ ਦੇ ਨਾਲ ਹੀ ਉਹ ਲੋਕਾਂ ਨੂੰ ਤਾਪਮਾਨ ‘ਚ ਬਦਲਾਅ ਤੋਂ ਬਚਣ ਲਈ ਗਰਮ ਪਾਣੀ ‘ਚ ਹੱਥ ਧੋਣ ਲਈ ਕਹਿੰਦਾ ਸੀ। ਉਹ ਦੂਜੇ ਆਦਮੀਆਂ ਨੂੰ ਰਸੋਈ ਵਿੱਚ ਕੱਪੜੇ ਉਤਾਰਵਾਉਂਦਾ ਸੀ ਤਾਂ ਜੋ ਕੱਪੜੇ ਬਾਥਰੂਮ ਵਿੱਚ ਨਾ ਰਹਿ ਜਾਣ। ਨਾਲ ਹੀ ਆਂਢ-ਗੁਆਂਢ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ, ਇਸ ਦੇ ਲਈ ਲੋਕਾਂ ਦੀਆਂ ਕਾਰਾਂ ਸਕੂਲ ਕੋਲ ਖੜ੍ਹੀਆਂ ਕਰਵਾਉਂਦਾ ਸੀ। ਫਿਰ ਹਨੇਰੇ ਵਿੱਚ ਆਉਣ ਲਈ ਕਹਿੰਦਾ ਸੀ।

ਫੜੇ ਜਾਣ ਤੋਂ ਬਾਅਦ ਕੁਝ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਸਭ ਕੁਝ ਉਸ ਵਿਅਕਤੀ ਦੀ ਪਤਨੀ ਦੀ ਸਹਿਮਤੀ ਤੋਂ ਬਿਨਾਂ ਹੋ ਰਿਹਾ ਹੈ। ਇਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਰੇਪ ਨਹੀਂ ਸੀ, ਉਸ ਦੀ ਪਤਨੀ ਨੂੰ ਪਤਾ ਸੀ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ।

ਜਬਰ-ਜ਼ਨਾਹ ਦਾ ਵੀਡੀਓ ਪੁਲਸ ਦੇ ਧਿਆਨ ‘ਚ ਉਦੋਂ ਆਇਆ ਜਦੋਂ ਉਹ ਚੇਂਜਿੰਗ ਰੂਮ ਵਿੱਚ ਔਰਤਾਂ ਨੂੰ ਰਿਕਾਰਡ ਕਰਨ ਦੇ ਮੁਲਜ਼ਮ ਵਿਅਕਤੀ ਦੇ ਖ਼ਿਲਾਫ਼ ਕੇਸ ਦੀ ਜਾਂਚ ਕਰ ਰਹੀ ਸੀ। ਜਦੋਂ ਪੀੜਤ ਔਰਤ ਨਾਲ ਇਨ੍ਹਾਂ ਵੀਡੀਓਜ਼ ਬਾਰੇ ਗੱਲ ਕੀਤੀ ਗਈ ਤਾਂ ਉਹ ਡਿਪ੍ਰੈਸ਼ਨ ‘ਚ ਚਲੀ ਗਈ। ਬਾਅਦ ਵਿੱਚ ਔਰਤ ਨੇ ਤਲਾਕ ਲਈ ਅਰਜ਼ੀ ਦਾਇਰ ਕਰ ਦਿੱਤੀ।

Add a Comment

Your email address will not be published. Required fields are marked *