ਪੰਜਾਬ ’ਚ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਫਿਰ ਫਸਿਆ ਪੇਚ

ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਇਕ ਫਿਰ ਪੇਚ ਫਸਦਾ ਨਜ਼ਰ ਆ ਰਿਹਾ ਹੈ। ਦਰਅਸਲ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਦੀ ਦੋ ਮਹੀਨੇ ਦੀ ਛੁੱਟੀ ਚਾਰ ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਪਤਾ ਲੱਗਾ ਹੈ ਕਿ ਛੁੱਟੀ ਤੋਂ ਪਰਤਣ ’ਤੇ ਸਰਕਾਰ ਉਨ੍ਹਾਂ ਡੀ. ਜੀ. ਪੀ. ਨਹੀਂ ਲਗਾਏਗੀ ਸਗੋਂ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਸੀ. ਐੱਮ. ਡੀ. ਦੇ ਤੌਰ ’ਤੇ ਨਿਯੁਕਤ ਕਰ ਸਕਦੀ ਹੈ। ਉਹ ਅਹੁਦਾ ਦਿਨਕਰ ਗੁਪਤਾ ਦੇ ਐੱਨ. ਆਈ. ਏ. ਮੁਖੀ ਬਨਣ ਤੋਂ ਬਾਅਦ ਖਾਲੀ ਸੀ। ਨਵੇਂ ਨਿਯਮਾ ਅਨੁਸਾਰ ਡੀ. ਜੀ. ਪੀ. ਨੂੰ ਅਹੁਦੇ ਤੋਂ ਦੋ ਸਾਲ ਪਹਿਲਾਂ ਨਹੀਂ ਹਟਾਇਆ ਜਾ ਸਕਦਾ ਹੈ, ਇਸ ਲਈ ਮੁੱਖ ਮੰਤਰੀ ਦਫਤਰ ਤੋਂ ਲੈ ਕੇ ਹੋਰ ਉੱਚ ਪੱਧਰੀ ਬੈਠਕਾਂ ਵਿਚ ਇਹ ਚਰਚਾ ਚੱਲਦੀ ਰਹੀ ਕਿ ਇਸ ਦਾ ਕੀ ਬਦਲ ਲੱਭਿਆ ਜਾਵੇ। 

ਸਰਕਾਰ ਨੇ ਭਾਵਰਾ ’ਤੇ ਦਬਾਅ ਬਨਾਉਣ ਲਈ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿਚ ਕਮੀ ਕਰਨ ਨੂੰ ਲੈ ਕੇ ਨੋਟਿਸ ਜਾਰੀ ਕਰਕੇ ਉੱਤਰ ਪ੍ਰਦੇਸ਼ ਦੇ ਡੀ. ਜੀ. ਪੀ. ਮੁਕੁਲ ਗੋਇਲ ਨੂੰ ਹਟਾਉਣ ਵਾਲਾ ਤਰੀਕਾ ਅਪਨਾਇਆ ਹੈ। ਗੋਇਲ ਨੂੰ ਵੀ ਕੰਮ ਵਿਚ ਦਿਲਚਸਪੀ ਨਾ ਲੈਣ ਦਾ ਕਾਰਣ ਦੱਸ ਕੇ ਹਟਾ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਅਮਨ ਕਾਨੂੰਨ ਸੂਬਾ ਸਰਕਾਰ ਦਾ ਮਾਮਲਾ ਹੈ ਅਤੇ ਸਰਕਾਰ ਇਸ ਵਿਚ ਅਸਫਲ ਰਹਿਣ ’ਚ ਡੀ. ਜੀ. ਪੀ. ਨੂੰ ਜ਼ਿੰਮੇਵਾਰ ਦੱਸ ਕੇ ਹਟਾ ਸਕਦੀ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਵੀ ਜਿਸ ਤਰ੍ਹਾਂ ਨਾਲ ਭਾਵਰਾ ’ਤੇ ਦਬਾਅ ਬਣਾਇਆ ਹੈ, ਉਸ ਤੋਂ ਸਾਫ ਜ਼ਾਹਰ ਹੈ ਕਿ ਉਹ ਖੁਦ ਹੀ ਅਹੁਦੇ ਨਾ ਲੈਣ ਦੀ ਬੇਨਤੀ ਕਰ ਦੇਣ। ਅਜਿਹਾ ਹੁੰਦਾ ਹੈ ਤਾਂ ਸਰਕਾਰ ਨੂੰ ਡੀ. ਜੀ. ਪੀ. ਦਾ ਅਹੁਦਾ ਖਾਲੀ ਐਲਾਨ ਕਰਨਾ ਹੋਵੇਗਾ ਅਤੇ ਡੀ. ਜੀ. ਪੀ. ਦੀ ਸਥਾਈ ਨਿਯੁਕਤੀ ਲਈ ਯੂ. ਪੀ. ਐੱਸ. ਸੀ. ਨੂੰ ਲਿਖਣਾ ਹੋਵੇਗਾ।

ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਡੀ. ਜੀ. ਪੀ. ਵੀ. ਕੇ. ਭਾਵਰਾ ਦੇ ਛੁੱਟੀ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਕਾਰਜਕਾਰੀ ਡੀ. ਜੀ. ਪੀ. ਲਗਾਇਆ ਸੀ। ਸੂਤਰ ਦੱਸਦੇ ਹਨ ਕਿ ਸਰਕਾਰ ਉਨ੍ਹਾਂ ਨੂੰ ਹੀ ਡੀ. ਜੀ. ਪੀ. ਦੇ ਅਹੁਦੇ ’ਤੇ ਰੱਖਣਾ ਚਾਹੁੰਦੀ ਹੈ। ਸਰਕਾਰ ਨੇ ਭਾਵਰਾ ਨੂੰ ਛੁੱਟੀ ਵਧਾਉਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਹ ਦੂਜਾ ਮੌਕਾ ਹੈ ਜਦੋਂ ਡੀ. ਜੀ. ਪੀ. ਲਗਾਉਣ ਨੂੰ ਲੈ ਕੇ ਫਿਰ ਤੋਂ ਵਿਵਾਦ ਹੋਇਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਚਰਨਜੀਤ ਚੰਨੀ ਸਰਕਾਰ ਨੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਜਦੋਂ ਕਾਰਜਕਾਰੀ ਡੀ. ਜੀ. ਪੀ. ਲਗਾਇਆ ਸੀ ਤਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਬਗਾਵਤ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ ਸੀ। 

Add a Comment

Your email address will not be published. Required fields are marked *