IPL 2023: ਲਖ਼ਨਊ ਦਾ ਧਾਕੜ ਪ੍ਰਦਰਸ਼ਨ, ਪੰਜਾਬ ਕਿੰਗਜ਼ ਦੀ ਸ਼ਰਮਨਾਕ ਹਾਰ

ਅੱਜ ਆਈ.ਪੀ.ਐੱਲ. ਵਿਚ ਪੰਜਾਬ ਕਿੰਗਜ਼ ਦਾ ਮੁਕਾਬਲਾ ਲਖ਼ਨਊ ਸੁਪਰ ਜਾਇੰਟਸ ਦੇ ਨਾਲ ਸੀ। ਇਸ ਮੁਕਾਬਲੇ ਵਿਚ ਪੰਜਾਬ ਕਿੰਗਜ਼ ਨੂੰ 56 ਦੌੜਾਂ ਨਾਲ ਸ਼ਰਮਨਾਕ ਹਾਰ ਮਿਲੀ। ਲਖ਼ਨਊ ਸੂਪਰ ਜਾਇੰਟਸ ਵੱਲੋਂ ਦਿੱਤੇ 258 ਦੌੜਾਂ ਦੇ ਵੱਡੇ ਟੀਚੇ ਦੇ ਜਵਾਬ ਵਿਚ ਪੰਜਾਬ ਕਿੰਗਜ਼ ਦੀ ਟੀਮ ਨਿਰਧਾਰਿਤ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਤੇ 1 ਗੇਂਦ ਪਹਿਲਾਂ ਹੀ 201 ਦੌੜਾਂ ‘ਤੇ ਆਲ ਆਊਟ ਹੋ ਗਏ।

ਕਾਇਲ ਮਾਇਰਸ ਤੇ ਮਾਰਕਸ ਸਟੋਇਨਿਸ ਦੀਆਂ ਹਮਲਾਵਰ ਪਾਰੀਆਂ ਦੇ ਦਮ ’ਤੇ ਲਖਨਊ ਸੁਪਰ ਜਾਇੰਟਸ ਨੇ ਆਈ. ਪੀ. ਐੱਲ. ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਉਣ ਤੋਂ ਬਾਅਦ ਪੰਜਾਬ ਕਿੰਗਜ਼ ਨੂੰ ਸ਼ੁੱਕਰਵਾਰ ਨੂੰ ਟੀ-20 ਮੈਚ ਵਿਚ 56 ਦੌੜਾਂ ਨਾਲ ਹਰਾ ਦਿਤਾ।  ਮਾਇਰਸ ਨੇ ਪਾਵਰਪਲੇਅ ’ਚ ਬੱਲੇ ਨਾਲ ਤੂਫਾਨ ਲਿਆਉਂਦੇ ਹੋਏ 24 ਗੇਂਦਾਂ ’ਚ 54 ਦੌੜਾਂ ਬਣਾਈਆਂ ਜਦਕਿ ਸਟੋਇੰਸ ਨੇ 40 ਗੇਂਦਾਂ ’ਚ 72 ਦੌੜਾਂ ਦੀ ਪਾਰੀ ਖੇਡੀ, ਜਿਸ ਦੇ ਦਮ ’ਤੇ ਲਖ਼ਨਊ ਨੇ 5 ਵਿਕਟ ’ਤੇ 257  ਦੌੜਾਂ ਬਣਾਈਆਂ। ਆਯੂਸ਼ ਬਾਦੋਨੀ ਨੇ 24 ਗੇਂਦਾਂ ’ਚ 43 ਤੇ ਨਿਕੋਲਸ ਪੂਰਨ ਨੇ 19 ਗੇਂਦਾਂ ’ਚ 45 ਦੌੜਾਂ ਦੀ ਪਾਰੀ ਖੇਡੀ।

ਜਵਾਬ ਵਿਚ ਪੰਜਾਬ ਦੀ ਟੀਮ 19.5 ਓਵਰਾਂ ਵਿਚ 201 ਦੌੜਾਂ ’ਤੇ ਆਊਟ ਹੋ ਗਈ। ਅਰਥਵ ਤਾਇਡੇ ਨੇ 36 ਗੇਂਦਾਂ ਵਿਚ 66 ਦੌੜਾਂ ਬਣਾਈਆਂ, ਜਿਹੜਾ ਆਈ. ਪੀ. ਐੱਲ. ਵਿਚ ਉਸ ਦਾ ਪਹਿਲਾ ਅਰਧ ਸੈਂਕੜਾ ਹੈ। ਲਿਆਮ ਲਿਵਿੰਗਸਟੋਨ ਤੇ ਸਿਕੰਦਰ ਰਜ਼ਾ ਹਾਲਾਂਕਿ ਟਿਕ ਕੇ ਨਹੀਂ ਖੇਡ ਸਕੇ।

ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ, ਜਿਹੜਾ ਗਲਤ ਸਾਬਤ ਹੋਇਆ। ਬੱਲੇਬਾਜ਼ਾਂ ਦੀ ਐਸ਼ਗਾਹ ਪਿੱਚ ’ਤੇ ਸਿਰਫ ਲਖਨਊ ਦਾ ਕਪਤਾਨ ਕੇ. ਐੱਲ. ਰਾਹੁਲ ਨਹੀਂ ਚੱਲ ਸਕਿਆ ਤੇ 9 ਗੇਂਦਾਂ ’ਤੇ 12 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਮੈਚ ਦੀ ਪਹਿਲੀ ਗੇਂਦ ਤੇ ਗੁਰਨੂਰ ਬਰਾੜ ਦੀ ਗੇਂਦ ’ਤੇ ਜੀਵਨਦਾਨ ਵੀ ਮਿਲਿਆ ਪਰ ਉਹ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ। ਮਾਇਰਸ ਨੇ ਪਹਿਲੇ ਹੀ ਓਵਰ ’ਚ ਅਰਸ਼ਦੀਪ ਨੂੰ ਚਾਰ ਚੌਕੇ ਲਗਾਏ। ਆਪਣੀ ਪਾਰੀ ਵਿਚ ਉਸ ਨੇ 7 ਚੌਕੇ ਤੇ 4 ਛੱਕੇ ਲਗਾਏ। ਮਾਇਰਸ ਦੇ ਆਊਟ ਹੋਣ ਤੋਂ ਬਾਅਦ ਸਟੋਇੰਸ ਤੇ ਬਾਦੋਨੀ ਨੇ 47 ਗੇਂਦਾਂ ’ਚ 89 ਦੌੜਾਂ ਜੋੜੀਆਂ। ਸਟੋਇਨਿਸ ਨੇ ਆਪਣੀ ਪਾਰੀ ’ਚ 5 ਛੱਕੇ ਤੇ 6 ਚੌਕੇ ਲਗਾਏ। ਲਖਨਊ ਨੇ ਆਖ਼ਰੀ 6 ਓਵਰਾਂ ’ਚ 73 ਦੌੜਾਂ ਬਣਾਈਆਂ। ਸਟੋਇਨਿਸ 13ਵੇਂ ਓਵਰ ’ਚ ਆਊਟ ਹੋ ਜਾਂਦਾ ਪਰ ਲਾਂਗ ਆਨ ’ਤੇ ਕੈਚ ਫੜਨ ਦੀ ਕੋਸ਼ਿਸ਼ ਵਿਚ ਲਿਆਮ ਲਿਵਿੰਗਸਟੋਨ ਨੇ ਬਾਊਂਡਰੀ ’ਤੇ ਉਸ ਦਾ ਕੈਚ ਛੱਡ ਦਿੱਤਾ।

Add a Comment

Your email address will not be published. Required fields are marked *