ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਫ਼ਿਲਮ ‘ਜੋੜੀ’ ਰਾਹੀਂ ਵੱਡੇ ਪਰਦੇ ‘ਤੇ ਧਮਾਲ ਪਾਉਣ ਲਈ ਤਿਆਰ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਜੋੜੀ’ ਇਨ੍ਹੀਂ ਦਿਨੀਂ ਆਪਣੇ ਟਰੇਲਰ ਤੇ ਗੀਤਾਂ ਕਰਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਫ਼ਿਲਮ ਦੇ ਗੀਤ ਪੁਰਾਣੇ ਸਮੇਂ ਦੀ ਦੋਗਾਣਾ ਜੋੜੀ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਹਨ, ਜੋ ਲੋਕਾਂ ਵਲੋਂ ਬੇਹੱਦ ਪਸੰਦ ਕੀਤੇ ਜਾ ਰਹੇ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕਾਂ ਦੇ ਹਰਮਨ ਪਿਆਰੇ ਦਿਲਜੀਤ ਦੋਸਾਂਝ ਤੇ ਸੁਰੀਲੀ ਗਾਇਕਾ ਨਿਮਰਤ ਖਹਿਰਾ ਦੀ ਜੋੜੀ ਇਕੱਠਿਆਂ ਵੱਡੀ ਸਕ੍ਰੀਨ ‘ਤੇ ਨਜ਼ਰ ਆਵੇਗੀ। 

ਹਾਲਾਂਕਿ ਇਸ ਤੋਂ ਪਹਿਲਾਂ ਦੋਵਾਂ ਦੀ ਜੋੜੀ ਸਾਲ 2020 ‘ਚ ਆਏ ਗੀਤ ‘ਟਰੈਕ ਸੂਟ’ ਅਤੇ ਸਾਲ 2021 ‘ਚ ਆਏ ਗੀਤ ‘ਵੱਟ ਵੇ’ ‘ਚ ਨਜ਼ਰ ਆਈ ਸੀ ਪਰ ਵੱਡੀ ਸਕ੍ਰੀਨ ‘ਤੇ ਇਨ੍ਹਾਂ ਦੋਵੇਂ ਕਲਾਕਾਰਾਂ ਦੀ ਅਦਾਕਾਰੀ ਨੂੰ ਵੇਖਣ ਲਈ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 

ਦੱਸ ਦਈਏ ਕਿ ਫ਼ਿਲਮ ‘ਜੋੜੀ’ ਦੇ ਹੁਣ ਤਕ 3 ਗੀਤ ਰਿਲੀਜ਼ ਹੋਏ ਹਨ, ਜੋ ਟਾਪ ਕੁਆਲਿਟੀ ਦੇ ਪੁਰਾਣੇ ਗੀਤਾਂ ਦੀ ਪੂਰੀ-ਪੂਰੀ ਵਾਈਬ ਦੇ ਰਹੇ ਹਨ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਦਾ ਇਕ ਹੋਰ ਗੀਤ ‘ਜੱਟ ਦੀ ਜਾਨ’ ਵੀ ਰਿਲੀਜ਼ ਹੋਣ ਵਾਲਾ ਹੈ, ਜਿਸ ਨੂੰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨੇ ਗਾਇਆ ਹੈ। ਅਤੇ ਰਾਜ ਰਣਜੋਧ ਦੇ ਲਿਖੇ ਇਸ ਗੀਤ ਨੂੰ ਮਿਊਜ਼ਿਕ ਟਰੂ ਸਕੂਲ ਨੇ ਦਿੱਤਾ ਹੈ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਦਿਲਜੀਤ ਤੇ ਨਿਮਰਤ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅੰਬਰਦੀਪ ਸਿੰਘ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜਿਸ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 5 ਮਈ ਯਾਨੀ ਕਿ ਅਗਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *