ਪਾਕਿਸਤਾਨ ‘ਚ ਯਾਤਰੀ ਟਰੇਨ ਨੂੰ ਲੱਗੀ ਅੱਗ, 3 ਬੱਚਿਆਂ ਸਣੇ 7 ਲੋਕਾਂ ਦੀ ਮੌਤ 

ਕਰਾਚੀ – ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਐਕਸਪ੍ਰੈਸ ਰੇਲਗੱਡੀ ਦੇ ਡੱਬੇ ਵਿਚ ਅੱਗ ਲੱਗਣ ਕਾਰਨ 3 ਬੱਚਿਆਂ ਅਤੇ 1 ਔਰਤ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਦੇਰ ਰਾਤ ਨੂੰ ਵਾਪਰੀ, ਜਦੋਂ ਕਰਾਚੀ ਤੋਂ ਲਾਹੌਰ ਜਾ ਰਹੀ ਕਰਾਚੀ ਐਕਸਪ੍ਰੈਸ ਟਰੇਨ ਦੇ ਬਿਜ਼ਨੈੱਸ-ਕਲਾਸ ਕੋਚ ਵਿੱਚ ਅੱਧੀ ਰਾਤ ਤੋਂ ਬਾਅਦ ਅੱਗ ਲੱਗ ਗਈ।

ਪਾਕਿਸਤਾਨ ਰੇਲਵੇ ਦੇ ਬੁਲਾਰੇ ਮਕਸੂਦ ਕੁੰਡੀ ਨੇ ਕਿਹਾ ਕਿ ਉਹ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਡੱਬੇ ਵਿੱਚ ਅੱਗ ਕਿਵੇਂ ਲੱਗੀ, ਜਿਸ ਨੂੰ ਬਾਅਦ ਵਿੱਚ ਬਾਕੀ ਟਰੇਨ ਤੋਂ ਵੱਖ ਕਰ ਦਿੱਤਾ ਗਿਆ। ਕੁੰਡੀ ਨੇ ਕਿਹਾ ਕਿ ਹੁਣ ਤੱਕ ਇਸ ਘਟਨਾ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ, ਜਿਨ੍ਹਾਂ ਵਿਚ 3 ਬੱਚੇ ਅਤੇ ਇੱਕ ਔਰਤ ਵੀ ਸ਼ਾਮਲ ਹੈ। ਰੇਲ ਮੰਤਰਾਲਾ ਨੇ ਇਸਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। 

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਟਰੇਨ ਨੂੰ ਤੁਰੰਤ ਟਾਂਡੋ ਮਸਤੀ ਖਾਂ ਸਟੇਸ਼ਨ ਨੇੜੇ ਰੋਕ ਲਿਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਐਮਰਜੈਂਸੀ ਦੀ ਸੂਚਨਾ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਊ ਗੱਡੀਆਂ ਕਰੀਬ 1:50 ਵਜੇ ਮੌਕੇ ‘ਤੇ ਪਹੁੰਚੀਆਂ ਅਤੇ ਕਰੀਬ 40 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। 

Add a Comment

Your email address will not be published. Required fields are marked *