ADB ਤੋਂ ਸਭ ਤੋਂ ਜ਼ਿਆਦਾ ਕਰਜ਼ ਲੈਣ ਵਾਲਾ ਦੇਸ਼ ਬਣਿਆ ਪਾਕਿ

ਇਸਲਾਮਾਬਾਦ– ਪਾਕਿਸਤਾਨ ਸਭ ਤੋਂ ਬੁਰੇ ਆਰਥਿਕ ਸੰਕਟ ‘ਚੋਂ ਲੰਘ ਰਿਹਾ ਹੈ। ਇਹੀ ਕਾਰਨ ਹੈ ਕਿ ਸਾਲ 2022 ‘ਚ ਪਾਕਿਸਤਾਨ ਏਸ਼ੀਆਈ ਡਿਵੈਲਪਮੈਂਟ ਬੈਂਕ (ਏਡੀਬੀ) ਦੁਆਰਾ ਫੰਡ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਲਈ ਸਭ ਤੋਂ ਵੱਡਾ ਕਰਜ਼ ਲੈਣ ਵਾਲਾ ਦੇਸ਼ ਬਣ ਗਿਆ ਹੈ। ਏਡੀਬੀ ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ 2022 ਦੇ ਅਨੁਸਾਰ 40 ਦੇਸ਼ਾਂ ਨੂੰ 31.8 ਬਿਲੀਅਨ ਡਾਲਰ ਤੋਂ ਵੱਧ ਦੀ ਕੁੱਲ ਵੰਡ ‘ਚੋਂ ਪਾਕਿਸਤਾਨ ਨੂੰ ਇਕੱਲੇ 5.58 ਬਿਲੀਅਨ ਡਾਲਰ ਦਾ ਕਰਜ਼ਾ ਮਿਲਿਆ ਹੈ। ਪਿਛਲੇ ਸਾਲ ਆਏ ਹੜ੍ਹ ਨੇ ਪਾਕਿਸਤਾਨ ਦੀ ਆਰਥਿਕ ਹਾਲਤ ਨੂੰ ਵਿਗਾੜਨ ‘ਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀ। ਏਡੀਬੀ ਨੇ ਆਪਣੀ ਸਾਲਾਨਾ ਰਿਪੋਰਟ ‘ਚ ਦੱਸਿਆ ਕਿ ਬੈਂਕ ਨੇ ਏਸ਼ੀਆ ਅਤੇ ਪ੍ਰਸ਼ਾਂਤ ‘ਚ ਉਭਰ ਰਹੇ ਅਤੇ ਚੱਲ ਰਹੇ ਸੰਕਟਾਂ ਲਈ ਸਮੇਂ ਸਿਰ ਕਦਮ ਚੁੱਕੇ ਅਤੇ ਪ੍ਰਤੀਕਿਰਿਆਵਾਂ ਦਿੱਤੀਆਂ।

ਪਾਕਿਸਤਾਨ ਨੂੰ ਲੈ ਕੇ ਬੈਂਕ ਨੇ ਕਿਹਾ ਕਿ ਹੜ੍ਹ ਨੇ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ‘ਚ ਲਗਭਗ ਇੱਕ ਤਿਹਾਈ ਫਸਲ ਤਬਾਹ ਹੋ ਗਈ ਜਿਸ ਨਾਲ ਖੁਰਾਕ ਸਪਲਾਈ ਪ੍ਰਭਾਵਿਤ ਹੋਈ ਅਤੇ ਮਹਿੰਗਾਈ ਅਸਮਾਨ ਨੂੰ ਛੂਹ ਗਈ। ਏਡੀਬੀ ਦੀ ਸਾਲਾਨਾ ਰਿਪੋਰਟ ਦੱਸਦੀ ਹੈ ਕਿ 2022 ਦੌਰਾਨ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਧਨ ਪ੍ਰਾਪਤ ਹੋਇਆ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਏਡੀਬੀ ਨੇ ਏਸ਼ੀਆ ‘ਚ 31.8 ਅਰਬ ਡਾਲਰ ਦੇ ਪ੍ਰੋਜੈਕਟਾਂ ਨੂੰ ਫੰਡ ਦਿੱਤਾ ਹੈ। ਏਡੀਬੀ ਅਤੇ ਹੋਰ ਭਾਈਵਾਲਾਂ ਨੇ ਪਾਕਿਸਤਾਨ ਨੂੰ 5.5 ਬਿਲੀਅਨ ਡਾਲਰ ਦੇ ਪ੍ਰੋਜੈਕਟ ਦਿੱਤੇ ਹਨ ਜਦੋਂ ਕਿ 2022 ‘ਚ ਪਾਕਿਸਤਾਨ ਨੂੰ 2 ਬਿਲੀਅਨ ਅਤੇ 60 ਮਿਲੀਅਨ ਡਾਲਰ ਦੇ ਰਿਆਇਤੀ ਕਰਜ਼ੇ ਵੀ ਦਿੱਤੇ ਗਏ ਸਨ। ਰਿਪੋਰਟ ਮੁਤਾਬਕ ਹੜ੍ਹ ਕਾਰਨ ਪਾਕਿਸਤਾਨ ਨੂੰ ਕਰੀਬ 30 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ‘ਚ 1,730 ਲੋਕ ਮਾਰੇ ਗਏ ਅਤੇ 33.3 ਮਿਲੀਅਨ ਲੋਕ ਪ੍ਰਭਾਵਿਤ ਹੋਏ।

ਰਿਪੋਰਟਾਂ ਦੱਸਦੀਆਂ ਹਨ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਪਾਕਿਸਤਾਨ ਨੂੰ 1.5 ਬਿਲੀਅਨ ਡਾਲਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਪਾਰਕ ਭਾਈਵਾਲਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਬਹਾਲੀ ਲਈ 16 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਵਰਤਮਾਨ ‘ਚ ਪਾਕਿਸਤਾਨ ਆਈ.ਐੱਮ.ਐੱਫ ਨਾਲ ਸਟਾਫ ਪੱਧਰ ਦੇ ਸਮਝੌਤੇ ‘ਤੇ ਦਸਤਖ਼ਤ ਕਰਨ ਦੀ ਉਡੀਕ ਕਰ ਰਿਹਾ ਹੈ। ਲੰਬੀ ਗੱਲਬਾਤ ਅਤੇ ਕਠਿਨ ਸ਼ਰਤਾਂ ਤੋਂ ਬਾਅਦ ਵੀ ਪਾਕਿਸਤਾਨ ਅਤੇ ਆਈ.ਐੱਮ.ਐੱਫ ਕਿਸੇ ਸਿੱਟੇ ‘ਤੇ ਪਹੁੰਚਦੇ ਨਜ਼ਰ ਨਹੀਂ ਆ ਰਹੇ ਹਨ।

Add a Comment

Your email address will not be published. Required fields are marked *