ਪਾਕਿਸਤਾਨ ‘ਚ 15 ਸਾਲਾ ਈਸਾਈ ਕੁੜੀ ਦਾ ਜ਼ਬਰਦਸਤੀ 60 ਸਾਲਾ ਮੁਸਲਿਮ ਨਾਲ ਕੀਤਾ ਗਿਆ ਨਿਕਾਹ

ਗੁਰਦਾਸਪੁਰ: ਪਾਕਿਸਤਾਨ ’ਚ ਇਕ 15 ਸਾਲਾ ਨਾਬਾਲਗ ਈਸਾਈ ਕੁੜੀ ਨੂੰ ਅਗਵਾ ਕਰ ਧਰਮ ਪਰਿਵਰਤਣ ਕਰਕੇ ਉਸ ਦਾ 60 ਸਾਲਾ ਮੁਸਲਿਮ ਵਿਅਕਤੀ ਨਾਲ ਜ਼ਬਰਦਸਤੀ ਨਿਕਾਹ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁੜੀ ਨੂੰ ਇਕ ਮੁਸਲਿਮ ਪ੍ਰਿੰਸੀਪਲ ਨਾਇਲਾ ਅੰਬਰੀਨ ਨੇ ਆਪਣੀ ਘਰੇਲੂ ਸਹਾਇਕ ਦੇ ਰੂਪ ਵਿਚ ਨੌਕਰੀ ’ਤੇ ਰੱਖਿਆ ਹੋਇਆ ਸੀ। ਸੂਤਰਾਂ ਅਨੁਸਾਰ ਅਗਵਾ ਹੋਈ ਸਿਤਾਰਾ ਨਾਮ ਦੀ ਕੁੜੀ ਦੇ ਪਿਤਾ ਆਰਿਫ ਦੇ ਅਨੁਸਾਰ ਉਹ ਇਕ ਦਿਵਿਆਂਗ ਵਿਅਕਤੀ ਹੈ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਿਚ ਅਸਮਰਥ ਹੈ, ਜਿਸ ਦੇ ਚੱਲਦਿਆਂ ਪੈਸਿਆਂ ਦੀ ਸਖ਼ਤ ਜ਼ਰੂਰਤ ਦੇ ਕਾਰਨ ਉਸ ਨੇ ਆਪਣੀ ਕੁੜੀ ਸਿਤਾਰਾ ਨੂੰ ਇਕ ਮੁਸਲਿਮ ਪਰਿਵਾਰ ਦਾ ਕੰਮਕਾਜ ਕਰਨ ਦੀ ਮਨਜ਼ੂਰੀ ਦਿੱਤੀ। ਉਸ ਦੀ ਕੁੜੀ ਮੁਸਲਿਮ ਪ੍ਰਿੰਸੀਪਲ ਨਾਇਲਾ ਅੰਬਰੀਨ ਦੇ ਘਰ ਵਿਚ ਘਰੇਲੂ ਨੌਕਰਾਣੀ ਦੇ ਰੂਪ ਵਿਚ ਕੰਮ ਕਰਦੀ ਸੀ ਅਤੇ ਉਸ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਸੀ।

ਉਸ ਨੇ ਦੱਸਿਆ ਕਿ ਸਿਤਾਰਾ ਸਵੇਰੇ ਨੌਕਰੀ ’ਤੇ ਜਾਂਦੀ ਅਤੇ ਸ਼ਾਮ ਨੂੰ ਵਾਪਸ ਘਰ ਆਉਂਦੀ ਸੀ ਪਰ ਬੀਤੇ ਦਿਨ ਜਦ ਉਹ ਵਾਪਸ ਘਰ ਨਾ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਿੰਸੀਪਲ ਦੇ ਘਰ ਜਾ ਕੇ ਸਿਤਾਰਾ ਬਾਰੇ ਪੁੱਛਿਆ ਤਾਂ ਨਾਇਲਾ ਨੇ ਦੱਸਿਆ ਕਿ ਸਿਤਾਰਾ ਨੇ ਇਸਲਾਮ ਕਬੂਲ ਕਰ ਉਸ ਦੇ ਪਤੀ ਰਾਣਾ ਤਾਇਬ ਨਾਲ ਦੂਜਾ ਨਿਕਾਹ ਕਰ ਲਿਆ ਹੈ। ਪ੍ਰਿੰਸੀਪਲ ਨਾਇਲਾ ਨੇ ਕਿਹਾ ਵੀ ਕਿ ਉਸ ਨੂੰ ਇਸ ਨਿਕਾਹ ’ਤੇ ਕੋਈ ਇਤਰਾਜ਼ ਨਹੀਂ। ਪੀੜਤ ਕੁੜੀ ਦੇ ਮਾਂ-ਪਿਓ ਨੇ ਇਸ ਸਬੰਧੀ ਪੁਲਸ ਦੇ ਕੋਲ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਮਝੌਤਾ ਕਰਕੇ ਸਿਤਾਰਾ ਨੂੰ ਉਸ ਦੇ ਪਿਤਾ ਦੇ ਕੋਲ ਰਹਿਣ ਦੇ ਲਈ ਕਿਹਾ ਗਿਆ।

ਜਿਸ ’ਤੇ ਪਰਿਵਾਰ ਨੇ ਪ੍ਰੇਸ਼ਾਨੀ ਦੀ ਹਾਲਤ ਵਿਚ ਇਕ ਵਕੀਲ ਅਕਮਲ ਭੱਟੀ ਨਾਲ ਸੰਪਰਕ ਕੀਤਾ ਅਤੇ ਵਕੀਲ ਦੇ ਦਬਾਅ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ ਪਰ ਮਾਮਲਾ ਦਰਜ ਨਹੀਂ ਕੀਤਾ। ਪੁਲਸ ਜਦ ਨਾਇਲਾ ਅੰਬਰੀਨ ਦੇ ਘਰ ਗਈ ਤਾਂ ਉਸ ਨੇ ਪੁਲਸ ਨੂੰ ਨਿਕਾਹ ਦੀ ਕਾਪੀ, ਇਸਲਾਮੀ ਵਿਆਹ ਦਾ ਸਰਟੀਫਿਕੇਟ ਅਤੇ ਹੋਰ ਕਾਗਜ਼ ਸੌਂਪੇ। ਨਾਇਲਾ ਅੰਬਰੀਨ ਨੇ ਕਿਹਾ ਕਿ ਸਿਤਾਰਾ ਦੀ ਉਮਰ 18 ਸਾਲ ਹੈ ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਦੀ ਉਮਰ ਸਿਰਫ਼ 15 ਸਾਲ ਹੈ।

Add a Comment

Your email address will not be published. Required fields are marked *