ਦੇਸ਼ ਦੇ 100 ਕਰੋੜ ਲੋਕ ਸੁਣ ਚੁੱਕੇ PM ਮੋਦੀ ਦੇ ‘ਮਨ ਕੀ ਬਾਤ’

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੱਗਭਗ 23 ਕਰੋੜ ਲੋਕ ਸੁਣਦੇ ਹਨ, ਜਿਨ੍ਹਾਂ ’ਚੋਂ 65 ਫੀਸਦੀ ਸਰੋਤੇ ਉਨ੍ਹਾਂ ਨੂੰ ਹਿੰਦੀ ’ਚ ਸੁਣਨਾ ਪਸੰਦ ਕਰਦੇ ਹਨ। ਇਹ ਗੱਲ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ-ਰੋਹਤਕ ਵੱਲੋਂ ਕਰਵਾਏ ਗਏ ਸਰਵੇਖਣ ਵਿਚ ਸਾਹਮਣੇ ਆਈ ਹੈ। ਮਨ ਕੀ ਬਾਤ ਦਾ 100ਵਾਂ ਐਪੀਸੋਡ ਇਸ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ।

ਸਰਵੇਖਣ ਵਿਚ ਇਹ ਵੀ ਪਾਇਆ ਗਿਆ ਕਿ ‘ਮਨ ਕੀ ਬਾਤ’ ਪ੍ਰੋਗਰਾਮ ਮੋਬਾਈਲ ਫੋਨ ਤੋਂ ਬਾਅਦ ਟੈਲੀਵਿਜ਼ਨ ਚੈਨਲਾਂ ’ਤੇ ਜ਼ਿਆਦਾ ਸੁਣਿਆ ਜਾਂਦਾ ਹੈ, ਜਿਸ ਵਿਚ ਰੇਡੀਓ ਸਰੋਤਿਆਂ ਦੀ ਗਿਣਤੀ ਕੁੱਲ ਸਰੋਤਿਆਂ ਦਾ 17.6 ਪ੍ਰਤੀਸ਼ਤ ਹੈ। ਇਸ ’ਚ ਪਾਇਆ ਗਿਆ ਕਿ 100 ਕਰੋੜ ਤੋਂ ਵੱਧ ਲੋਕਾਂ ਨੇ ਘੱਟੋ-ਘੱਟ ਇਕ ਵਾਰ ਪ੍ਰੋਗਰਾਮ ਸੁਣਿਆ ਹੈ, ਜਦਕਿ ਲਗਭਗ 41 ਕਰੋੜ ਲੋਕ ਕਦੇ-ਕਦਾਈਂ ਸੁਣਨ ਵਾਲੇ ਸਨ।

ਆਈਆਈਐੱਮ-ਰੋਹਤਕ ਦੇ ਡਾਇਰੈਕਟਰ ਧੀਰਜ ਪੀ. ਸ਼ਰਮਾ ਨੇ ਸੋਮਵਾਰ ਨੂੰ ਇਥੇ ਪੱਤਰਕਾਰਾਂ ਨੂੰ ਦੱਸਿਆ, “ਕੁੱਲ ਦਰਸ਼ਕਾਂ ਵਿੱਚੋਂ, 44.7 ਫੀਸਦੀ ਟੈਲੀਵਿਜ਼ਨ ਸੈੱਟਾਂ ’ਤੇ ਪ੍ਰੋਗਰਾਮ ਸੁਣਦੇ ਹਨ, ਜਦਕਿ 37.6 ਫੀਸਦੀ ਇਸ ਨੂੰ ਮੋਬਾਈਲ ਫੋਨ ’ਤੇ ਸੁਣਦੇ ਹਨ।” ਪ੍ਰਸਾਰ ਭਾਰਤੀ ਦੇ ਸੀ.ਈ.ਓ. ਗੌਰਵ ਦਿਵੇਦੀ ਨੇ ਦੱਸਿਆ ਕਿ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਤੋਂ ਇਲਾਵਾ ‘ਮਨ ਕੀ ਬਾਤ’ ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫ਼ਾਰਸੀ, ਦਾਰੀ ਅਤੇ ਸਵਾਹਿਲੀ ਵਰਗੀਆਂ 11 ਵਿਦੇਸ਼ੀ ਭਾਸ਼ਾਵਾਂ ਵਿਚ ਪ੍ਰਸਾਰਿਤ ਕੀਤਾ ਜਾਂਦਾ ਹੈ। ਦਿਵੇਦੀ ਨੇ ਦੱਸਿਆ ਕਿ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ 500 ਤੋਂ ਵੱਧ ਕੇਂਦਰਾਂ ਵੱਲੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

IIM ਰੋਹਤਕ ਦੇ ਵਿਦਿਆਰਥੀਆਂ ਵੱਲੋਂ ਕਰਵਾਏ ਗਏ ਸਰਵੇਖਣ ’ਚ ਚਾਰ ਖੇਤਰਾਂ-ਉੱਤਰੀ, ਦੱਖਣ, ਪੂਰਬ ਅਤੇ ਪੱਛਮੀ-ਅਤੇ ਵੱਖ-ਵੱਖ ਉਮਰ ਸਮੂਹਾਂ ’ਚ 10,003 ਉੱਤਰਦਾਤਾਵਾਂ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਸਵੈ-ਰੁਜ਼ਗਾਰ ਅਤੇ ਗ਼ੈਰ-ਰਸਮੀ ਖੇਤਰ ਨਾਲ ਜੁੜੇ ਸਨ। ਸਰਵੇਖਣ ’ਚ ਪਾਇਆ ਗਿਆ ਕਿ 18 ਫ਼ੀਸਦੀ ਉੱਤਰਦਾਤਾਵਾਂ ਨੇ ਪ੍ਰੋਗਰਾਮ ਨੂੰ ਅੰਗਰੇਜ਼ੀ ’ਚ, ਚਾਰ ਪ੍ਰਤੀਸ਼ਤ ਉਰਦੂ ’ਚ ਅਤੇ ਦੋ ਪ੍ਰਤੀਸ਼ਤ ਡੋਗਰੀ ਅਤੇ ਤਮਿਲ ’ਚ ਸੁਣਨਾ ਪਸੰਦ ਕੀਤਾ। ਇਸ ’ਚ ਪਾਇਆ ਗਿਆ ਕਿ ਹੋਰ ਭਾਸ਼ਾਵਾਂ, ਜਿਵੇਂ ਮਿਜ਼ੋ, ਮੈਥਿਲੀ, ਅਸਮੀਆ, ਕਸ਼ਮੀਰੀ, ਤੇਲਗੂ, ਉੜੀਆ, ਗੁਜਰਾਤੀ ਅਤੇ ਬੰਗਾਲੀ ਦੇ ਸਰੋਤਿਆਂ ਦੀ ਹਿੱਸੇਦਾਰੀ ਕੁੱਲ ਸਰੋਤਿਆਂ ਦੀ ਨੌਂ ਫ਼ੀਸਦੀ ਸੀ।

ਸਰਵੇਖਣ ’ਚ ਪਾਇਆ ਗਿਆ ਕਿ 73 ਫ਼ੀਸਦੀ ਉੱਤਰਦਾਤਾਵਾਂ ਨੇ ਸਰਕਾਰ ਦੇ ਕੰਮਕਾਜ ਅਤੇ ਦੇਸ਼ ਦੀ ਤਰੱਕੀ ਨੂੰ ਲੈ ਕੇ ਆਸ਼ਾਵਾਦੀ ਮਹਿਸੂਸ ਕੀਤਾ, ਜਦਕਿ 58 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਪੱਧਰ ’ਚ ਸੁਧਾਰ ਹੋਇਆ ਹੈ। ਘੱਟੋ-ਘੱਟ 59 ਫੀਸਦੀ ਨੇ ਸਰਕਾਰ ’ਚ ਭਰੋਸਾ ਵਧਣ ਦੀ ਜਾਣਕਾਰੀ ਦਿੱਤੀ। ਸਰਵੇਖਣ ਮੁਤਾਬਕ ਸਰਕਾਰ ਪ੍ਰਤੀ ਆਮ ਧਾਰਨਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 63 ਫ਼ੀਸਦੀ ਉੱਤਰਦਾਤਾਵਾਂ ਨੇ ਕਿਹਾ ਕਿ ਸਰਕਾਰ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਹਾਂ-ਪੱਖੀ ਹੋ ਗਿਆ ਹੈ ਅਤੇ 60 ਫੀਸਦੀ ਨੇ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਵਿਚ ਦਿਲਚਸਪੀ ਦਿਖਾਈ। ਸਰਵੇਖਣ ‘ਚ ਪਾਇਆ ਗਿਆ ਕਿ ‘ਮਨ ਕੀ ਬਾਤ’ ਪ੍ਰੋਗਰਾਮ ਦੇ ਸਭ ਤੋਂ ਪ੍ਰਸਿੱਧ ਵਿਸ਼ੇ ਭਾਰਤ ਦੀਆਂ ਵਿਗਿਆਨਕ ਪ੍ਰਾਪਤੀਆਂ, ਆਮ ਨਾਗਰਿਕਾਂ ਦੀਆਂ ਕਹਾਣੀਆਂ, ਹਥਿਆਰਬੰਦ ਫ਼ੌਜਾਂ ਦੀ ਬਹਾਦਰੀ, ਨੌਜਵਾਨਾਂ, ਵਾਤਾਵਰਣ ਅਤੇ ਕੁਦਰਤੀ ਸਰੋਤਾਂ ਨਾਲ ਜੁੜੇ ਮੁੱਦੇ ਸਨ।

Add a Comment

Your email address will not be published. Required fields are marked *