ਸੂਡਾਨ ਸੰਕਟ ਨੇ ਵਧਾਈ ਚਿੰਤਾ, ਕੇਂਦਰ ਸਰਕਾਰ ਨੇ ਭਾਰਤੀਆਂ ਨੂੰ ਕੱਢਣ ਲਈ ਤਿਆਰ ਕੀਤਾ ਐਕਸ਼ਨ ਪਲਾਨ

 ਅਫਰੀਕਾ ਦੇ ਤੀਸਰੇ ਸਭ ਤੋਂ ਵੱਡੇ ਦੇਸ਼ ਸੂਡਾਨ ‘ਚ ਸੱਤਾ ਲਈ ਸੰਘਰਸ਼ ਜਾਰੀ ਹੈ। ਇਸ ਸਭ ਦੇ ਵਿਚਾਲੇ ਅਮਰੀਕੀ ਫੌਜ ਨੇ ਐਤਵਾਰ ਨੂੰ ਸੂਡਾਨ ਤੋਂ ਦੂਤਘਰ ਦੇ ਅਧਿਕਾਰੀਆਂ ਨੂੰ ਬਾਹਰ ਕੱਢਿਆ। ਇਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੀ ਰਾਜਧਾਨੀ ‘ਚ ਫਸੇ ਆਪਣੇ ਡਿਪਲੋਮੈਟਿਕ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਕੱਢਣ ‘ਚ ਲੱਗੀ ਹੋਈ ਹੈ। ਦੂਜੇ ਪਾਸੇ ਸੂਡਾਨ ਦੀ ਰਾਜਧਾਨੀ ਖਾਰਟੂਮ ਤੋਂ ਨੀਲ ਨਦੀ ਦੇ ਨੇੜੇ ਸਥਿਤ ਸ਼ਹਿਰ ਓਮਦੁਰਮਨ ਵਿੱਚ ਲੜਾਈ ਤੇਜ਼ ਹੋ ਗਈ ਹੈ। ਈਦ-ਉਲ-ਫਿਤਰ ‘ਤੇ 3 ਦਿਨ ਦੀ ਛੁੱਟੀ ਦੇ ਨਾਲ ਐਲਾਨੀ ਜੰਗਬੰਦੀ ਦੇ ਬਾਵਜੂਦ ਹਿੰਸਾ ਹੋਈ।

ਅਫਰੀਕੀ ਦੇਸ਼ ਸੂਡਾਨ ‘ਚ ਲੜਾਈ ਦਰਮਿਆਨ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। 72 ਘੰਟੇ ਦੀ ਜੰਗਬੰਦੀ ਦੇ ਬਾਵਜੂਦ ਦੋਵਾਂ ਪਾਸਿਆਂ ਤੋਂ ਹਮਲੇ ਜਾਰੀ ਹਨ। ਇਸ ਦੌਰਾਨ ਉੱਥੇ ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਸਾਊਦੀ ਅਰਬ ਨੇ ਸ਼ਨੀਵਾਰ ਦੇਰ ਰਾਤ ਸੂਡਾਨ ‘ਚ ਫਸੇ 158 ਲੋਕਾਂ ਨੂੰ ਬਚਾਇਆ। ਇਨ੍ਹਾਂ ‘ਚ ਕਈ ਭਾਰਤੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਐਤਵਾਰ ਸਵੇਰੇ ਅਮਰੀਕਾ ਨੇ ਖਾਰਤੂਮ ਸਥਿਤ ਆਪਣੇ ਦੂਤਘਰ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਮੋਦੀ ਸਰਕਾਰ ਨੇ ਘਰੇਲੂ ਯੁੱਧ ਦੀ ਲਪੇਟ ‘ਚ ਆਏ ਸੂਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਐਤਵਾਰ ਨੂੰ ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਹਵਾਈ ਸੈਨਾ ਦੇ 2 C-130J ਜਹਾਜ਼ ਅਤੇ ਜਲ ਸੈਨਾ ਦੇ ਜਹਾਜ਼ INS ਸੁਮੇਧਾ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ। ਇਨ੍ਹਾਂ ਜਹਾਜ਼ਾਂ ਰਾਹੀਂ ਹਿੰਸਾ ਪ੍ਰਭਾਵਿਤ ਸੂਡਾਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਆਪਣੇ ਤਾਜ਼ਾ ਬਿਆਨ ‘ਚ ਮੰਤਰਾਲੇ ਨੇ ਕਿਹਾ ਕਿ ਭਾਰਤ ਗੁੰਝਲਦਾਰ ਅਤੇ ਉਭਰਦੀ ਸੁਰੱਖਿਆ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਵੀ ਤਾਲਮੇਲ ਕਰ ਰਿਹਾ ਹੈ। ਭਾਰਤੀ ਹਵਾਈ ਸੈਨਾ ਦੇ 2 ਜਹਾਜ਼ ਇਸ ਸਮੇਂ ਜੇਦਾਹ (ਸਾਊਦੀ ਅਰਬ) ਵਿੱਚ ਸਟੈਂਡਬਾਏ ‘ਤੇ ਖੜ੍ਹੇ ਹਨ। ਇਸ ਤੋਂ ਇਲਾਵਾ ਆਈਐੱਨਐੱਸ ਸੁਮੇਧਾ ਵੀ ਸੂਡਾਨ ਦੀ ਬੰਦਰਗਾਹ ‘ਤੇ ਪਹੁੰਚ ਗਿਆ ਹੈ।

ਸਾਰੇ ਦੇਸ਼ ਚਲਾ ਰਹੇ ਮੁਹਿੰਮ

ਬਾਕੀ ਦੇਸ਼ ਵੀ ਆਪਣੇ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਕੱਢਣ ਲਈ ਸੰਘਰਸ਼ ਕਰ ਰਹੇ ਹਨ। ਫਰਾਂਸ, ਗ੍ਰੀਸ ਅਤੇ ਹੋਰ ਯੂਰਪੀਅਨ ਦੇਸ਼ਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਸਹਿਯੋਗੀ ਦੇਸ਼ਾਂ ਦੇ ਕੁਝ ਨਾਗਰਿਕਾਂ ਦੇ ਨਾਲ-ਨਾਲ ਦੂਤਾਵਾਸ ਦੇ ਕਰਮਚਾਰੀਆਂ ਅਤੇ ਨਾਗਰਿਕਾਂ ਲਈ ਨਿਕਾਸੀ ਕਾਰਜ ਸ਼ੁਰੂ ਕਰ ਰਹੇ ਹਨ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਐਨੀ ਕਲੇਅਰ ਲੇਜੈਂਡਰੇ ਨੇ ਕਿਹਾ ਕਿ ਫਰਾਂਸ ਯੂਰਪੀ ਭਾਈਵਾਲਾਂ ਦੀ ਮਦਦ ਨਾਲ ਇਹ ਕਾਰਵਾਈ ਕਰ ਰਿਹਾ ਹੈ। ਯੂਨਾਨ ਦੇ ਵਿਦੇਸ਼ ਮੰਤਰੀ ਨਿਕੋਸ ਡੇਂਡਿਆਸ ਨੇ ਕਿਹਾ ਕਿ ਦੇਸ਼ ਨੇ ਖਾਰਟੂਮ ਤੋਂ 120 ਯੂਨਾਨੀ ਅਤੇ ਸਾਈਪ੍ਰਸ ਦੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਲਈ ਹਵਾਈ ਜਹਾਜ਼ ਅਤੇ ਵਿਸ਼ੇਸ਼ ਬਲ ਮਿਸਰ ਭੇਜੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕਾਂ ਨੇ ਖਾਰਟੂਮ ਦੇ ਇਕ ਚਰਚ ਵਿੱਚ ਸ਼ਰਨ ਲਈ ਸੀ। ਨੀਦਰਲੈਂਡ ਨੇ ਵੀ ਜਾਰਡਨ ਨੂੰ 2 ਜਹਾਜ਼ ਭੇਜੇ ਹਨ। ਇਟਲੀ ਨੇ ਸੂਡਾਨ ਤੋਂ ਆਪਣੇ 140 ਨਾਗਰਿਕਾਂ ਨੂੰ ਕੱਢਣ ਲਈ ਆਪਣਾ ਫੌਜੀ ਜਹਾਜ਼ ਜਿਬੂਤੀ ਭੇਜਿਆ ਹੈ।

Add a Comment

Your email address will not be published. Required fields are marked *