ਬੰਦੂਕਧਾਰੀਆਂ ਨੇ ਇਕੋ ਪਰਿਵਾਰ ਦੇ 10 ਜੀਆਂ ਨੂੰ ਮਾਰੀਆਂ ਗੋਲ਼ੀਆਂ

ਜੋਹਾਨਸਬਰਗ – ਦੱਖਣੀ ਅਫਰੀਕਾ ਦੇ ਪੂਰਬੀ ਕਵਾਜ਼ੁਲੂ-ਨਟਾਲ ਸੂਬੇ ਦੇ ਪੀਟਰਮੈਰਿਟਜ਼ਬਰਗ ਸ਼ਹਿਰ ਵਿਚ ਇਕ ਘਰ ਵਿਚ ਸਮੂਹਕ ਗੋਲੀਬਾਰੀ ਵਿਚ 7 ਔਰਤਾਂ ਅਤੇ ਇਕ ਬੱਚੇ ਸਣੇ ਇਕੋ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੰਤਰੀ ਭੇਕੀ ਸੇਲੇ ਨੇ ਕਿਹਾ ਕਿ ਘੰਟਿਆਂ ਬਾਅਦ ਪੁਲਸ ਨਾਲ ਹੋਈ ਗੋਲੀਬਾਰੀ ਵਿਚ 1 ਸ਼ੱਕੀ ਮਾਰਿਆ ਗਿਆ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਚੌਥਾ ਸ਼ੱਕੀ ਦੌੜ ਗਿਆ ਪਰ ਉਸ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਖ਼ਬਰਾਂ ਮੁਤਾਬਕ ਅਣਪਛਾਤੇ ਬੰਦੂਕਧਾਰੀਆਂ ਨੇ ਸੰਨ੍ਹ ਲਗਾ ਕੇ ਘਰ ‘ਤੇ ਹਮਲਾ ਕੀਤਾ।

ਗੋਲੀਬਾਰੀ ਦੀ ਘਟਨਾ ਵੀਰਵਾਰ ਰਾਤ ਜਾਂ ਸ਼ੁੱਕਰਵਾਰ ਤੜਕੇ ਹੋਈ। ਦੱਖਣੀ ਅਫਰੀਕਾ ਦੁਨੀਆ ਵਿਚ ਸਭ ਤੋਂ ਵੱਧ ਮਨੁੱਖੀ ਕਤਲ ਦਰ ਵਾਲੇ ਦੇਸ਼ਾਂ ਵਿਚੋਂ ਇਕ ਹੈ ਅਤੇ ਇੱਥੇ ਹਾਲ ਹੀ ਦੇ ਸਾਲਾਂ ਵਿਚ ਵੱਡੇ ਪੈਮਾਨੇ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਸਾਲ ਜਨਵਰੀ ਵਿਚ ਦੱਖਣੀ ਤੱਟ ਦੇ ਸ਼ਹਿਰ ਗੇਕੇਬੇਰਾ ਵਿਚ ਇਕ ਜਨਮਦਿਨ ਦੀ ਪਾਰਟੀ ਵਿਚ 8 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

Add a Comment

Your email address will not be published. Required fields are marked *