ਅਮਰੀਕਾ ‘ਚ ਭਾਰਤੀ ਮੂਲ ਦੀ ਰਾਧਾ ਅਯੰਗਰ ਪਲੰਬ ਨੂੰ ਮਿਲਿਆ ਮਹੱਤਵਪੂਰਨ ਅਹੁਦਾ

ਵਾਸ਼ਿੰਗਟਨ – ਅਮਰੀਕੀ ਸੈਨੇਟ ਨੇ ਰਾਸ਼ਟਰੀ ਸੁਰੱਖਿਆ ਮਾਹਿਰ ਰਾਧਾ ਅਯੰਗਰ ਪਲੰਬ ਨੂੰ ਪ੍ਰਾਪਤੀ ਅਤੇ ਰੱਖ-ਰਖਾਅ ਮਾਮਲਿਆਂ ਲਈ ਰੱਖਿਆ ਵਿਭਾਗ ਦੇ ਡਿਪਟੀ ਅੰਡਰ ਸੈਕਟਰੀ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਉਹ ਨਵੀਨਤਮ ਭਾਰਤੀ-ਅਮਰੀਕੀ ਨਾਗਰਿਕ ਹੈ ਜਿਸਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੁਆਰਾ ਇੱਕ ਪ੍ਰਮੁੱਖ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਬਾਈਡੇਨ ਨੇ ਪਲੰਬ ਨੂੰ ਜੂਨ 2022 ਵਿੱਚ ਇਸ ਵੱਕਾਰੀ ਅਹੁਦੇ ਲਈ ਨਾਮਜ਼ਦ ਕੀਤਾ ਸੀ। ਉਹ ਵਰਤਮਾਨ ਵਿੱਚ ਉਪ ਰੱਖਿਆ ਮੰਤਰੀ ਦੀ ਚੀਫ਼ ਆਫ਼ ਸਟਾਫ਼ ਵਜੋਂ ਸੇਵਾ ਨਿਭਾ ਰਹੀ ਹੈ। 

ਯੂ.ਐੱਸ ਸੈਨੇਟ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ “ਸੈਨੇਟ ਨੇ ਰਾਧਾ ਅਯੰਗਰ ਪਲੰਬ ਨੂੰ 30 ਦੇ ਮੁਕਬਾਲੇ 68 ਵੋਟਾਂ ਦੇ ਕੇ ਉਸ ਦੇ ਰੱਖਿਆ ਦੇ ਡਿਪਟੀ ਅੰਡਰ ਸੈਕਟਰੀ ਵਜੋਂ ਪੁਸ਼ਟੀ ਕੀਤੀ ਹੈ।” ਪਲੰਬ ਨੇ ਰੈਂਡ ਕਾਰਪੋਰੇਸ਼ਨ ਵਿੱਚ ਇੱਕ ਸੀਨੀਅਰ ਅਰਥ ਸ਼ਾਸਤਰੀ ਦੇ ਤੌਰ ‘ਤੇ ਕੰਮ ਕੀਤਾ, ਜਿੱਥੇ ਉਸਨੇ ਰੱਖਿਆ ਵਿਭਾਗ ਵਿਚ ਤਿਆਰੀ ਅਤੇ ਸੁਰੱਖਿਆ ਯਤਨਾਂ ਦੇ ਸਬੂਤ ਮੁਲਾਂਕਣ ਵਿੱਚ ਸੁਧਾਰ ਕਰਨ ‘ਤੇ ਧਿਆਨ ਦਿੱਤਾ।  ਉਸਨੇ ਰੱਖਿਆ ਵਿਭਾਗ, ਊਰਜਾ ਵਿਭਾਗ ਅਤੇ ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਵਿੱਚ ਰਾਸ਼ਟਰੀ ਸੁਰੱਖਿਆ ਮੁੱਦਿਆਂ ‘ਤੇ ਕਈ ਸੀਨੀਅਰ ਅਹੁਦਿਆਂ ‘ਤੇ ਕੰਮ ਕੀਤਾ ਹੈ। ਵ੍ਹਾਈਟ ਹਾਊਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪਲੰਬ ਨੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐਚਡੀ ਅਤੇ ਮਾਸਟਰਜ਼ ਅਤੇ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।

Add a Comment

Your email address will not be published. Required fields are marked *