ਮੂਰੇ ਬਰਿੱਜ ਵਿਖੇ ਬਹੁ-ਸਭਿਆਚਾਰਕ ਮੇਲਾ ਆਯੋਜਿਤ, ਵੱਖ-ਵੱਖ ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਲਿਆ ਹਿੱਸਾ

ਮੈਲਬੌਰਨ : ਮੂਰੇਲੈਂਡ ਮਲਟੀਕਲਚਰਲ ਨੈਟਵਰਕ ਅਤੇ ਏ. ਐਮ. ਆਰ. ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਹੁ ਸੱਭਿਆਚਾਰਕ (ਮਲਟੀਕਲਚਰਲ) ਮੇਲਾ ਕਰਵਾਇਆ ਗਿਆ। ਜਿਸ ਵਿੱਚ ਕਰੀਬ 18 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਆਸਟ੍ਰੇਲੀਆ ਸਮੇਤ ਯੂਕ੍ਰੇਨ, ਨਾਈਜੀਰੀਆ, ਚੀਨ, ਅਫਰੀਕਾ, ਭਾਰਤ,ਫਿਲੀਪਿਨਜ਼, ਮਾਉਰੀ, ਗਰੀਸ, ਇਟਲੀ, ਸ਼੍ਰੀ ਲੰਕਾ ਆਦਿ ਦੇਸ਼ਾਂ ਦੀਆਂ ਟੀਮਾਂ ਨੇ ਇਸ ਮੇਲੇ ਵਿੱਚ ਭਾਗ ਲਿਆ। ਇਸ ਸਮਾਰੋਹ ਵਿੱਚ ਪ੍ਰਤੀਯੋਗੀ ਦੇਸ਼ਾਂ ਨੇ ਜਿੱਥੇ ਆਪਣੀਆਂ ਸਭਿਆਚਾਰਕ ਵੰਣਗੀਆਂ ਪੇਸ਼ ਕੀਤੀਆਂ, ਉੱਥੇ ਹੀ ਉਨਾਂ ਦੇਸ਼ਾਂ ਦੇ ਹੀ ਭੋਜਨ ਅਤੇ ਕਪੜਿਆਂ ਤੇ ਗਹਿਣੀਆਂ ਤੇ ਦਸਤਕਾਰੀ ਦੀਆਂ ਦੁਕਾਨਾਂ ਵੀ ਲਗਾਈਆਂ ਗਈਆਂ ਸਨ।

ਇਸ ਮੇਲੇ ਵਿੱਚ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਮੇਲੇ ਨੂੰ ਦੇਖਣ ਲਈ ਆਏ ਹੋਏ ਸਨ।ਇਸ ਸਮਾਗਮ ਵਿੱਚ ਫੋਕ ਵੇਵ ਅਕੈਡਮੀ ਵਲੋਂ ਕੀਤੀ ਗਈ ਭੰਗੜੇ ਦੀ ਪੇਸ਼ਕਾਰੀ ਨੇ ਚੰਗੀ ਵਾਹ-ਵਾਹ ਖੱਟੀ। ਇਸ ਮੌਕੇ ਮੈਂਬਰ ਪਾਰਲੀਮੈਂਟ ਏਡਰਿਨ ਪੈਡਰਿਕ ਤੇ ਮੂਰੇ ਬਰਿੱਜ ਦੇ ਮੇਅਰ ਵਿਆਨੀ ਥੋਰਲੇ ਨੇ ਵਿਸ਼ੇਸ ਮਹਿਮਾਨਾਂ ਵਜੋਂ ਹਾਜ਼ਰੀ ਲਗਵਾਈ ਤੇ ਪ੍ਰਤੀਯੋਗੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਮੂਰੇ ਬਰਿੱਜ ਨੈਟਵਰਕ ਦੇ ਚੇਅਰਮੈਨ ਮਕੈਨਜ਼ੀ ਅਤੇ ਏ. ਐਮ. ਆਰ. ਸੀ ਦੇ ਹੈਦਰ ਵਲੋਂ ਆਏ ਹੋਏ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਦਰਸ਼ਕਾਂ ਨੂੰ ਸਬੰਧਨ ਹੁੰਦੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਰਹਿਣਗੇ। ਇਸ ਮੇਲੇ ਨੂੰ ਕਾਮਯਾਬ ਕਰਨ ਲਈ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਮੂਰੇ ਬਰਿੱਜ ਤੋਂ ਸਮਾਜ ਸੇਵੀ ਜਗਤਾਰ ਸਿੰਘ ਨਾਗਰੀ, ਰੀਤ ਗਿੱਲ, ਗੁਰਪ੍ਰੀਤ ਸਿੰਘ ਭੁੱਲਰ ਅਤੇ ਮਨੀ ਕੌਰ ਆਦਿ ਨੇ ਵਡਮੁੱਲਾ ਯੋਗਦਾਨ ਪਾਇਆ।

Add a Comment

Your email address will not be published. Required fields are marked *