ਰਾਣੀ ਮੁਖਰਜੀ ਦੇ ਘਰ ਛਾਇਆ ਮਾਤਮ, ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਦਿਹਾਂਤ

ਮੁੰਬਈ: ਪ੍ਰਸਿੱਧ ਫ਼ਿਲਮ ਡਾਇਰੈਕਟਰ ਯਸ਼ ਚੋਪੜਾ ਦੀ ਪਤਨੀ ਤੇ ਅਦਾਕਾਰਾ ਰਾਣੀ ਮੁਖਰਜੀ ਦੀ ਸੱਸ ਪਾਮੇਲਾ ਚੋਪੜਾ ਦਾ ਅੱਜ ਦਿਹਾਂਤ ਹੋ ਗਿਆ ਹੈ। ਪਾਮੇਲਾ ਚੋਪੜਾ ਦੀ ਉਮਰ 85 ਸਾਲ ਸੀ। ਉਹ ਇੱਕ ਮਸ਼ਹੂਰ ਭਾਰਤੀ ਪਲੇਬੈਕ ਗਾਇਕਾ ਸੀ। ਉਹ ਇੱਕ ਫ਼ਿਲਮ ਲੇਖਕ ਅਤੇ ਨਿਰਮਾਤਾ ਵੀ ਸਨ।  ਖ਼ਬਰਾਂ ਮੁਤਾਬਕ, ਪਾਮੇਲਾ ਚੋਪੜਾ ਪਿਛਲੇ 15 ਦਿਨਾਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖ਼ਲ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਸੀ ਪਰ ਉਨ੍ਹਾਂ ਦੀ ਸਿਹਤ ‘ਚ ਕੋਈ ਸੁਧਾਰ ਨਹੀਂ ਹੋਇਆ ਸੀ। ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਦੱਸ ਦਈਏ ਕਿ ਪਾਮੇਲਾ ਦੀ ਪਛਾਣ ਲੇਖਕ-ਗਾਇਕ ਵਜੋਂ ਵੀ ਸੀ। ਉਨ੍ਹਾਂ ਨੇ ‘ਕਭੀ ਕਭੀ’, ‘ਨੂਰੀ’, ‘ਚਾਂਦਨੀ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਮੁਝਸੇ ਦੋਸਤੀ ਕਰੋਗੀ’ ਵਰਗੀਆਂ ਫ਼ਿਲਮਾਂ ‘ਚ ਗੀਤ ਗਾਏ। ਪਾਮੇਲਾ ਨੇ 1970 ‘ਚ ਯਸ਼ ਚੋਪੜਾ ਨਾਲ ਵਿਆਹ ਕੀਤਾ ਸੀ। ਪਾਮੇਲਾ ਯਸ਼ ਚੋਪੜਾ ਦੀ ਦੂਜੀ ਪਤਨੀ ਸੀ। ਪਾਮੇਲਾ ਅਤੇ ਯਸ਼ ਦੇ ਦੋ ਪੁੱਤਰ ਹਨ, ਆਦਿਤਿਆ ਚੋਪੜਾ ਅਤੇ ਉਦੈ ਚੋਪੜਾ।

ਦੱਸਣਯੋਗ ਹੈ ਕਿ ਪਾਮੇਲਾ ਚੋਪੜਾ ਆਖ਼ਰੀ ਵਾਰ YRF ਡਾਕੂਮੈਂਟਰੀ ‘ਦਿ ਰੋਮਾਂਟਿਕਸ’ ‘ਚ ਨਜ਼ਰ ਆਈ ਸੀ। ਇਸ ਡਾਕੂਮੈਂਟਰੀ ‘ਚ ਉਨ੍ਹਾਂ ਨੇ ਆਪਣੇ ਪਤੀ ਯਸ਼ ਚੋਪੜਾ ਅਤੇ ਉਨ੍ਹਾਂ ਦੇ ਸਫ਼ਰ ਬਾਰੇ ਗੱਲ ਕੀਤੀ ਹੈ।

Add a Comment

Your email address will not be published. Required fields are marked *