ਡੇਰਾਬੱਸੀ ’ਚ ਸ਼ੱਕੀ ਹਾਲਾਤ ’ਚ 4 ਬੱਚੇ ਲਾਪਤਾ, CCTV ‘ਚ ਕੈਦ ਹੋਈ ਫੁਟੇਜ

ਡੇਰਾਬੱਸੀ : ਇੱਥੇ ਪਿੰਡ ਕਕਰਾਲੀ ਵਿਖੇ ਮੰਗਲਵਾਰ ਦੁਪਹਿਰ ਨੂੰ ਚਾਰ ਨਾਬਾਲਗ ਬੱਚੇ ਭੇਤਭਰੇ ਹਾਲਾਤ ‘ਚ ਲਾਪਤਾ ਹੋ ਗਏ। ਬੱਚਿਆਂ ਦਾ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਿਚੋਂ ਤਿੰਨ ਸਰਕਾਰੀ ਸਕੂਲ ਦੇ 5ਵੀਂ ਜਮਾਤ ਦੇ ਵਿਦਿਆਰਥੀ ਹਨ, ਜਦੋਂ ਕਿ ਇਕ ਗੈਰ-ਵਿਦਿਆਰਥੀ ਹੈ। ਚਾਰਾਂ ਨੂੰ ਆਖ਼ਰੀ ਵਾਰ ਮੰਗਲਵਾਰ ਸਾਮ 4.30 ਵਜੇ ਪਿੰਡਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ‘ਚ ਦੇਖਿਆ ਗਿਆ ਸੀ, ਜਦੋਂ ਕਿ ਕੁੱਝ ਸਮੇਂ ਬਾਅਦ ਮੁਬਾਰਕਪੁਰ ਦੇ ਚਰਚ ਦੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਉਹ ਢਕੌਲੀ ਵੱਲ ਵੱਧਦੇ ਵੇਖ ਗਏ ਸਨ। ਮੁਬਾਰਕਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗਲਤ ਇਰਾਦੇ ਨਾਲ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪਿੰਡ ਦੇ ਬਲਾਕ ਸੰਮਤੀ ਮੈਂਬਰ ਛੱਜਾ ਸਿੰਘ ਬੈਦਵਾਣ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦਾ ਇਕਲੌਤਾ ਪੋਤਾ 11 ਸਾਲਾ ਸਤਵੀਰ ਪੁੱਤਰ ਗੁਰਦੀਪ ਸਿੰਘ ਮੰਗਲਵਾਰ ਸਕੂਲ ਗਿਆ ਸੀ ਪਰ ਵਾਪਸ ਨਹੀਂ ਆਇਆ। ਦੁਪਹਿਰ ਬਾਅਦ ਜਦੋਂ ਭਾਲ ਕੀਤੀ ਤਾਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ‘ਚ ਇਕੋ ਜਮਾਤ ‘ਚ ਪੜ੍ਹਨ ਵਾਲੇ 9 ਸਾਲਾ ਦੇਵੇਸ਼ ਪੁੱਤਰ ਅਜੇਪਾਲ ਅਤੇ 9 ਸਾਲਾ ਦਿਲਖੁਸ਼ ਪੁੱਤਰ ਅਸ਼ੋਕ ਕੁਮਾਰ ਸਤਵੀਰ ਨਾਲ ਦਿਖਾਈ ਦਿੱਤੇ। ਉਨ੍ਹਾਂ ਦੇ ਨਾਲ 14 ਸਾਲਾ ਗੈਰ-ਵਿਦਿਆਰਥੀ ਵਿਸ਼ਾਲ ਪੁੱਤਰ ਰਾਮਸਰੂਪ ਵੀ ਹੈ। ਸਤਵੀਰ ਨੂੰ ਛੱਡ ਕੇ ਬਾਕੀ ਤਿੰਨੇ ਬੱਚੇ ਪਰਵਾਸੀ ਦਿਹਾੜੀਦਾਰ ਪਰਿਵਾਰਾਂ ਦੇ ਹਨ।

ਇਸ ਤੋਂ ਪਹਿਲਾਂ ਸੱਤ ਮੁੰਡੇ ਸੀ. ਸੀ. ਟੀ. ਵੀ. ‘ਚ ਇਕੱਠੇ ਦੇਖੇ ਗਏ ਸਨ। ਪਿੱਛੇ ਰਹਿ ਗਏ ਤਿੰਨਾਂ ਮੁੰਡਿਆਂ ਨੇ ਦੱਸਿਆ ਕਿ ਵਿਸ਼ਾਲ ਉਨ੍ਹਾਂ ਨੂੰ ਸੈਰ ਕਰਨ ਲਈ ਕਹਿ ਰਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਇਸ ’ਤੇ ਚਾਰੇ ਅੱਗੇ ਚਲੇ ਗਏ। 2 ਦਿਨਾਂ ਤੋਂ ਪਿੰਡ ਵਾਸੀ ਆਪਣੇ ਪੱਧਰ ’ਤੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਚਰਚ ’ਤੇ ਲੱਗੇ ਕੈਮਰੇ ਦੀ ਫੁਟੇਜ ਤੋਂ ਇਲਾਵਾ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਈ ਟੀਮਾਂ ਬਣਾ ਕੇ ਲਾਪਤਾ ਬੱਚਿਆਂ ਦੀ ਭਾਲ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *