ਸੀਬੀਆਈ ਵੱਲੋਂ ਓਕਸਫੈਮ ਇੰਡੀਆ ਖ਼ਿਲਾਫ਼ ਐਫਆਈਆਰ ਦਰਜ

ਨਵੀਂ ਦਿੱਲੀ, 19 ਅਪਰੈਲ-: ਸੀਬੀਆਈ ਨੇ ਓਕਸਫੈਮ ਇੰਡੀਆ ਤੇ ਇਸ ਦੇ ਅਹੁਦੇਦਾਰਾਂ ਖ਼ਿਲਾਫ਼ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਹੈ। ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ਦੇ ਆਧਾਰ ’ਤੇ ਆਲਮੀ ਪੱਧਰ ਦੀ ਗੈਰ ਸਰਕਾਰੀ ਸੰਸਥਾ (ਐਨਜੀਓ) ਦੀ ਭਾਰਤੀ ਇਕਾਈ ਖ਼ਿਲਾਫ਼ ਕੀਤੀ ਗਈ ਹੈ।

ਸ਼ਿਕਾਇਤ, ਜੋ ਹੁਣ ਐਫਆਈਆਰ ਦਾ ਹਿੱਸਾ ਹੈ, ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਵੇਂ ਓਕਸਫੈਮ ਇੰਡੀਆ ਦੀ ਐਫਸੀਆਰਏ ਰਜਿਸਟ੍ਰੇਸ਼ਨ ਖ਼ਤਮ ਹੋ ਚੁੱਕੀ ਹੈ ਪਰ ਇਸ ਵੱਲੋਂ ਫੰਡਾਂ ਨੂੰ ਚੈਨਲਾਈਜ਼ ਕਰਨ ਲਈ ਹੋਰ ਰਾਹ ਅਪਣਾਉਣ ਦੀ ਵਿਉਂਤ ਬਣਾਈ ਗਈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ‘ਸੀਬੀਡੀਟੀ ਵੱਲੋਂ ਕੀਤੇ ਗਏ ਆਮਦਨ ਕਰ ਦੇ ਸਰਵੇਖਣ ਦੌਰਾਨ ਮਿਲੀਆਂ ਈਮੇਲਜ਼ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਓਕਸਫੈਮ ਇੰਡੀਆ ਵੱਲੋਂ ਵਿਦੇਸ਼ੀ ਸਰਕਾਰਾਂ ਤੇ ਵਿਦੇਸ਼ੀ ਸੰਸਥਾਵਾਂ ਰਾਹੀਂ ਐਫਸੀਆਰਏ ਨੂੰ ਨਵਿਆਉਣ ਲਈ ਭਾਰਤੀ ਸਰਕਾਰ ’ਤੇ ਦਬਾਅ ਪਾਉਣ ਦੀ ਬਣਤ ਬਣਾਈ ਗਈ ਹੈ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਕਿ ਓਕਸਫੈਮ ਇੰਡੀਆ ਨੇ ਆਪਣੀਆਂ ਹੋਰ ਵਿਦੇਸ਼ੀ ਇਕਾਈਆਂ ਓਕਸਫੈਮ ਆਸਟਰੇਲੀਆ ਅਤੇ ਓਕਸਫੈਮ ਗ੍ਰੇਟ ਬ੍ਰਿਟੇਨ ਰਾਹੀਂ ਕੁਝ ਖਾਸ ਐੱਨਜੀਓਜ਼ ਨੂੰ ਫੰਡ ਮੁਹੱਈਆ ਕਰਵਾ ਕੇ ਵਿਸ਼ੇਸ਼ ਪ੍ਰਾਜੈਕਟ ਹਾਸਲ ਕਰ ਲਏ। ਸੀਬੀਡੀਟੀ ਵੱਲੋਂ ਕੀਤੇ ਗਏ ਆਈਟੀ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਓਕਸਫੈਮ ਇੰਡੀਆ ਆਪਣੇ ਸਹਾਇਕਾਂ/ਮੁਲਾਜ਼ਮਾਂ ਰਾਹੀਂ ਸੈਂਟਰ ਫਾਰ ਪਾਲਿਸੀ ਰਿਸਰਚ ਨੂੰ ਕਮਿਸ਼ਨ ਦੇ ਰੂਪ ’ਚ ਫੰਡ ਮੁਹੱਈਆ ਕਰਵਾ ਰਿਹਾ ਸੀ। ਓਕਸਫੈਮ ਇੰਡੀਆ ਦੇ ਟੀਡੀਐਸ ਡੇਟਾ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸੈਂਟਰ ਫਾਰ ਪਾਲਿਸੀ ਰਿਚਰਸ (ਸੀਪੀਆਰ) ਨੂੰ 2019-20 ਦੇ ਵਿੱਤੀ ਵਰ੍ਹੇ ਦੌਰਾਨ 12.71 ਲੱਖ ਦੀ ਅਦਾਇਗੀ ਕੀਤੀ ਗਈ। ਸ਼ਿਕਾਇਤ ਮੁਤਾਬਿਕ ਇਸ ਸੰਸਥਾ ਨੇ ਸਮਾਜਿਕ ਕੰਮ ਕਰਨ ਲਈ ਐਫਸੀਆਰਏ ਦੀ ਰਜਿਸਟ੍ਰੇਸ਼ਨ ਲਈ ਸੀ ਪਰ ਇਸ ਵੱਲੋਂ ਕਮਿਸ਼ਨ ਦੇ ਰੂਪ ਵਿੱਚ ਆਪਣੇ ਸਹਾਇਕਾਂ/ਮੁਲਾਜ਼ਮਾਂ ਰਾਹੀਂ ਦਿੱਲੀ ਆਧਾਰਿਤ ਥਿੰਕ ਟੈਂਕ ਸੀਪੀਆਰ ਨੂੰ ਭੁਗਤਾਨ ਕੀਤਾ ਗਿਆ ਜੋ ਨਿਯਮਾਂ ਦੇ ਉਲਟ ਸੀ। ਇਸ ਨਾਲ ਐਫਸੀਆਰਏ 2010 ਦੇ ਧਾਰਾ 8 ਤੇ 12 (4) ਦੀ ਉਲੰਘਣਾ ਹੋਈ ਹੈ। ਸੀਬੀਆਈ ਵੱਲੋਂ ਓਕਸਫੈਮ ਇੰਡੀਆ ਦੇ ਦਿੱਲੀ ਸਥਿਤ ਦਫ਼ਤਰ ਵਿੱਚ ਛਾਪੇ ਮਾਰੇ ਗਏ। ਜ਼ਿਕਰਯੋਗ ਹੈ ਕਿ ਐਕਸਫੈਮ ਇੰਡੀਆ ਨੇ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਉਸ ਨੇ ਭਾਰਤੀ ਕਾਨੂੰਨਾਂ ਦੀ ਇੰਨ ਬਿੰਨ ਪਾਲਣਾ ਕੀਤੀ ਹੈ।

Add a Comment

Your email address will not be published. Required fields are marked *