ਸੂਡਾਨ ਤੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ: ਕਾਂਗਰਸ

ਨਵੀਂ ਦਿੱਲੀ, 19 ਅਪਰੈਲ-: ਕਾਂਗਰਸ ਨੇ ਹਿੰਸਾਗ੍ਰਸਤ ਸੂਡਾਨ ’ਚ ਕਰਨਾਟਕ ਦੇ ਕਈ ਲੋਕਾਂ ਦੇ ਫਸੇ ਹੋਣ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਿਧਾਰਮੱਈਆ ਵਿਚਕਾਰ ਦੂਸ਼ਣਬਾਜ਼ੀ ਤੋਂ ਬਾਅਦ ਜੈਸ਼ੰਕਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ‘ਸਿਆਸੀ ਆਕਾ’ ਪ੍ਰਤੀ ਵਫ਼ਦਾਰੀ ਦਾ ਸਬੂਤ ਦੇਣ ਦੀ ਬਜਾਏ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਹੋਵੇ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਇਕ ਸਾਬਕਾ ਮੁੱਖ ਮੰਤਰੀ ਦੀ ਜਾਇਜ਼ ਅਪੀਲ ’ਤੇ ਵਿਦੇਸ਼ ਮੰਤਰੀ ਦੀ ਸਭ ਤੋਂ ਮਾੜੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ‘ਇਕ ਅਜਿਹਾ ਵਿਅਕਤੀ ਇੰਜ ਹੇਠਲੇ ਪੱਧਰ ’ਤੇ ਆ ਜਾਏ, ਜਿਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਜਿਸ ਨੇ ਨਵੀਂ ਵਫ਼ਾਦਾਰੀ ਵਿਕਸਤ ਕਰ ਲਈ ਹੈ, ਅਤੇ ਉਹ ਇਹ ਦਿਖਾਉਣਾ ਚਾਹੁੰਦਾ ਹੈ ਕਿ ਜੋ ਆਖਦਾ ਹੈ, ਉਹ ਕਰਦਾ ਹੈ।’ ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਿਦੇਸ਼ ਮੰਤਰੀ ਦੇ ਪ੍ਰਤੀਕਰਮ ਤੋਂ ਹੈਰਾਨ ਹਨ। ਸਿਧਾਰਮੱਈਆ ਨੇ ਕਰਨਾਟਕ ਦੇ ਲੋਕਾਂ ਦੀ ਸੁਰੱਖਿਅਤ ਵਾਪਸੀ ਦੀ ਸਿਰਫ਼ ਬੇਨਤੀ ਕੀਤੀ ਸੀ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਕਾਂਗਰਸ ਆਗੂ ਸਿਧਾਰਮੱਈਆ ’ਤੇ ਉਨ੍ਹਾਂ ਦੇ ਇਸ ਦਾਅਵੇ ਨੂੰ ਲੈ ਕੇ ਨਿਸ਼ਾਨਾ ਸੇਧਿਆ ਸੀ ਕਿ ਕਰਨਾਟਕ ਦੇ 31 ਵਿਅਕਤੀ ਹਿੰਸਾ ਪ੍ਰਭਾਵਿਤ ਸੂਡਾਨ ’ਚ ਫਸੇ ਹੋਏ ਹਨ। ਜੈਸ਼ੰਕਰ ਨੇ ਟਵੀਟ ਕੀਤਾ ਸੀ,‘‘ਤੁਹਾਡੇ ਟਵੀਟ ਤੋਂ ਹੈਰਾਨ ਹਾਂ। ਲੋਕਾਂ ਦੀ ਜ਼ਿੰਦਗੀ ਖ਼ਤਰੇ ’ਚ ਹੈ, ਸਿਆਸਤ ਨਾ ਕਰੋ। 14 ਅਪਰੈਲ ਤੋਂ ਲੜਾਈ ਸ਼ੁਰੂ ਹੋਣ ਮਗਰੋਂ ਖਰਤੂਮ ’ਚ ਭਾਰਤੀ ਸਫ਼ਾਰਤਖਾਨਾ ਸੂਡਾਨ ’ਚ ਜ਼ਿਆਦਾਤਰ ਭਾਰਤੀ ਨਾਗਰਿਕਾਂ ਅਤੇ ਪੀਆਈਓ ਦੇ ਲਗਾਤਾਰ ਸੰਪਰਕ ’ਚ ਹੈ।’’ ਉਨ੍ਹਾਂ ਕਿਹਾ ਸੀ ਕਿ ਹਾਲਾਤ ਦਾ ਸਿਆਸੀਕਰਨ ਕਰਨਾ ਘੋਰ ਗ਼ੈਰ-ਜ਼ਿੰਮੇਵਾਰਾਨਾ ਹੈ। ਕੋਈ ਵੀ ਚੋਣ ਉਦੇਸ਼ ਵਿਦੇਸ਼ਾਂ ’ਚ ਭਾਰਤੀਆਂ ਦੀ ਜਾਨ ਨੂੰ ਖ਼ਤਰੇ ’ਚ ਪਾਉਣ ਨੂੰ ਸਹੀ ਨਹੀਂ ਠਹਿਰਾਉਂਦਾ ਹੈ। ਸਿਧਾਰਮੱਈਆ ਨੇ ਆਪਣੇ ਟਵੀਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਅਪੀਲ ਕੀਤੀ ਸੀ ਕਿ ਉਹ ਫੌਰੀ ਦਖ਼ਲ ਦੇ ਕੇ ਕਰਨਾਟਕ ਦੇ ਲੋਕਾਂ ਦੀ ਸੂਡਾਨ ’ਚੋਂ ਵਾਪਸੀ ਯਕੀਨੀ ਬਣਾਉਣ। ਸਿਧਾਰਮੱਈਆ ਨੇ ਇਹ ਵੀ ਕਿਹਾ ਸੀ ਕਿ ਕਰਨਾਟਕ ਦੇ ‘ਹੱਕੀ ਪਿੱਕੀਸ’ ਆਦਿਵਾਸੀਆਂ ਨਾਲ ਸਬੰਧਤ ਲੋਕ ਕੁਝ ਦਿਨਾਂ ਤੋਂ ਸੂਡਾਨ ’ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਸੀ ਕਿ ਭਾਜਪਾ ਸਰਕਾਰ ਨੂੰ ਤੁਰੰਤ ਕੂਟਨੀਤਕ ਪੱਧਰ ’ਤੇ ਵਾਰਤਾ ਕਰਕੇ  ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਉਣੀ ਚਾਹੀਦੀ ਹੈ। 

Add a Comment

Your email address will not be published. Required fields are marked *