ਅਦਾਲਤ ’ਚ ਇਨਸਾਫ਼ ਮੰਗਣ ਆਈ ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਬਠਿੰਡਾ –ਆਪਣੀ ਭੈਣ ਸਮੇਤ ਅਦਾਲਤ ’ਚ ਪੇਸ਼ੀ ਭੁਗਤ ਰਹੀ ਇਕ ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ, ਜਦਕਿ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ । ਜਾਣਕਾਰੀ ਮੁਤਾਬਕ ਉਕਤ ਔਰਤ ਆਪਣੀ ਭੈਣ ਨਾਲ ਅਦਾਲਤ ’ਚ ਆਈ ਸੀ ਪਰ ਜਦੋਂ ਉਸ ਨੂੰ ਕਿਸੇ ਵਿਅਕਤੀ ’ਤੇ ਸ਼ੱਕ ਹੋਇਆ ਤਾਂ ਉਹ ਖਾਣੇ ਦੇ ਬਹਾਨੇ ਉਥੋਂ ਚਲੀ ਗਈ।

ਇਸ ਤੋਂ ਬਾਅਦ ਉਹ ਪੈਨਸ਼ਨ ਲੈਣ ਲਈ ਦਫ਼ਤਰ ਪਹੁੰਚੀ ਅਤੇ ਜਦੋਂ ਕਾਗਜ਼ੀ ਕਾਰਵਾਈ ਕਰ ਕੇ ਵਾਪਸ ਆਈ ਤਾਂ ਐੱਸ. ਐੱਸ. ਪੀ. ਦਫ਼ਤਰ ਨੇੜੇ ਉਸ ’ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰ ਨੇ ਔਰਤ ਦੇ ਪੇਟ ’ਚ ਚਾਰ ਵਾਰ ਕੀਤੇ, ਜਿਸ ਕਾਰਨ ਉਸ ਦਾ ਖੂਨ ਵਹਿ ਗਿਆ। ਲੋਕ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਪਰ ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਲਾਈਨ ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਹਮਲੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਆਪਣੀ ਵੱਡੀ ਭੈਣ ਨਾਲ ਬਠਿੰਡਾ ਅਦਾਲਤ ’ਚ ਪੇਸ਼ੀ ਲਈ ਆਈ ਹੋਈ ਸੀ। ਜ਼ਖ਼ਮੀ ਔਰਤ ਦੀ ਪਛਾਣ ਦੀਪਾ ਰਾਣੀ ਵਜੋਂ ਹੋਈ ਹੈ। ਪੀੜਤ ਲੜਕੀ ਦੀ ਭੈਣ ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਆਪਣੀ ਛੋਟੀ ਭੈਣ ਦੀਪਾ ਰਾਣੀ ਨਾਲ ਬਠਿੰਡਾ ਅਦਾਲਤ ’ਚ ਇਕ ਕੇਸ ਦੀ ਸੁਣਵਾਈ ਲਈ ਆਈ ਸੀ। ਅਦਾਲਤ ’ਚ ਪੇਸ਼ ਹੋਣ ਤੋਂ ਬਾਅਦ ਉਹ ਅਦਾਲਤ ਦੇ ਬਾਹਰ ਬੈਠ ਗਈਆਂ, ਜਿਵੇਂ ਹੀ ਉਹ ਐੱਸ. ਐੱਸ. ਪੀ. ਦਫ਼ਤਰ ਨੇੜੇ ਗਲੀ ਵਿਚ ਨਾਨ ਖਾਣ ਲੱਗੀਆਂ ਤਾਂ ਉਸ ਦੀ ਭੈਣ ਨੂੰ ਮਾਰਨ ਦੀ ਨੀਅਤ ਨਾਲ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਵਿਚ ਉਸ ਦੀ ਭੈਣ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਪੀੜਤ ਔਰਤ ਦੀ ਭੈਣ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਨੌਜਵਾਨ ਉਸ ਦੀ ਭੈਣ ਦੇ ਦੋਸਤ ਦਾ ਭਰਾ ਹੈ ਕਿਉਂਕਿ ਉਸ ਦੀ ਭੈਣ ਉਕਤ ਵਿਅਕਤੀ ਨਾਲ ਰਹਿੰਦੀ ਸੀ ਪਰ ਉਹ ਉਸ ਦੀ ਕੁੱਟਮਾਰ ਕਰਦਾ ਸੀ, ਜਿਸ ਤੋਂ ਬਾਅਦ ਉਹ ਉਸ ਕੋਲ ਰਹਿਣ ਲਈ ਆ ਗਿਆ। ਉਹ ਲੋਕ ਉਸ ਦੀ ਭੈਣ ’ਤੇ ਦੁਬਾਰਾ ਆਪਣੇ ਕੋਲ ਆਉਣ ਲਈ ਦਬਾਅ ਪਾ ਰਹੇ ਸਨ ਪਰ ਉਹ ਨਹੀਂ ਰੁਕਣਾ ਚਾਹੁੰਦੀ ਸੀ ਅਤੇ ਉਨ੍ਹਾਂ ਖ਼ਿਲਾਫ਼ ਅਦਾਲਤ ’ਚ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਚੱਲ ਰਹੀ ਹੈ। ਡੀ. ਐੱਸ. ਪੀ. ਸਿਟੀ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਔਰਤ ’ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਦੋਸ਼ੀ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।

Add a Comment

Your email address will not be published. Required fields are marked *