ਯੂਟਿਊਬ ਤੋਂ ਡਿਲੀਟ ਕੀਤੇ ਗਏ ਮੂਸੇ ਵਾਲਾ ਦੇ ‘ਫਾਰਗੈੱਟ ਅਬਾਊਟ ਇਟ’ ਤੇ ‘ਆਊਟਲਾਅ’ ਗੀਤ

ਚੰਡੀਗੜ੍ਹ : ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸਿੱਧੂ ਦੇ ਦੋ ਗੀਤ ‘ਫਰਗੇਟ ਅਬਾਊਟ ਇਟ’ ਅਤੇ ‘ਆਊਟਲਾਅ’ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਸਿੱਧੂ ਮੂਸੇ ਵਾਲਾ ਦੀ ਗੋਲੀ ਮਾਰ ਕੇ ਹੱਤਿਆ ਹੋਏ ਨੂੰ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਜਿੱਥੇ ਬਹੁਤ ਸਾਰੇ ਲੋਕ ਮਰਹੂਮ ਗਾਇਕ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ, ਉੱਥੇ ਹੀ ਸਿੱਧੂ ਮੂਸੇ ਵਾਲਾ ਦੇ ਦੋ ਗੀਤਾਂ ਨੂੰ ਡਿਲੀਟ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ, ਇਨ੍ਹਾਂ ਗੀਤਾਂ ਨੂੰ ਯੂਟਿਊਬ ਤੋਂ ਹਟਾਉਣ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆ ਸਕੀ ਹੈ। ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਹਾਲੇ ਵੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਯੂਟਿਊਬ ਤੋਂ ‘ਫਰਗੇਟ ਅਬਾਊਟ ਇਟ’ ਅਤੇ ‘ਆਊਟਲਾਅ’ ਗੀਤ ਕਿਉਂ ਡਿਲੀਟ ਕੀਤੇ ਗਏ ਹਨ।

ਦੱਸ ਦਈਏ ਕਿ ਇਹ ਦੋਵੇਂ ਗੀਤ 2019 ‘ਚ ਰਿਲੀਜ਼ ਹੋਏ ਸਨ ਅਤੇ ਇਨ੍ਹਾਂ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ। ਸਿੱਧੂ ਦੀ ਮੌਤ ਤੋਂ ਬਾਅਦ ਜ਼ਿਆਦਾਤਰ ਲੋਕ ਉਸ ਦੇ ਇਹ ਗੀਤ ਸੁਣਦੇ ਨਜ਼ਰ ਆ ਰਹੇ ਹਨ। ‘ਫਰਗੇਟ ਅਬਾਊਟ ਇਟ’ ਅਤੇ ‘ਆਊਟਲਾਅ’ ਨਾਲ ਇਸ ਸਾਲ ਸਿੱਧੂ ਮੂਸੇ ਵਾਲਾ ਦੇ ਕੁੱਲ ਤਿੰਨ ਗੀਤ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮਰਨ ਉਪਰੰਤ ਰਿਲੀਜ਼ ਹੋਏ ਸਿੱਧੂ ਮੂਸੇ ਵਾਲਾ ਦੇ ਗੀਤ ‘ਐਸ ਵਾਈ ਐਲ’ ਨੂੰ ਭਾਰਤ ਸਰਕਾਰ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। SYL ਗੀਤ ਵਿਚ ਸਿੱਧੂ ਨੇ ਪੰਜਾਬ ਦੇ ਸਭ ਤੋਂ ਗਰਮ ਮੁੱਦਿਆਂ – SYL ਅਤੇ ਬੰਦੀ ਸਿੱਖਾਂ ਲਈ ਆਵਾਜ਼ ਉਠਾਈ ਸੀ।

ਦੱਸਣਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ 29 ਮਈ ਨੂੰ ਸਿੱਧੂ ਮੂਸੇ ਵਾਲਾ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੇ ਦੋ ਸਾਥੀਆਂ ਨਾਲ ਆਪਣੀ ਕਾਰ ਵਿਚ ਸਫ਼ਰ ਕਰ ਰਿਹਾ ਸੀ। ਉਹ ਜਵਾਹਰਕੇ ਪਿੰਡ ਵਿਚ ਮਾਰਿਆ ਗਿਆ। ਉਨ੍ਹਾਂ ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਪਰਿਵਾਰ ਮੂਸੇ ਵਾਲਾ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ।

Add a Comment

Your email address will not be published. Required fields are marked *