ਜੇਲ੍ਹ ‘ਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਪੁਰਾਣੇ ਪੈਟਰਨ ‘ਤੇ ਨਿਕਲੇ ਨਵਜੋਤ ਸਿੱਧੂ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਜੇਲ੍ਹ ‘ਚੋਂ ਰਿਹਾਅ ਹੋਣ ਤੋਂ ਬਾਅਦ ਇਕ ਵਾਰ ਫਿਰ ਪੁਰਾਣੇ ਪੈਟਰਨ ’ਤੇ ਚੱਲ ਪਏ ਹਨ। ਪਿਛਲੀ ਵਾਰ ਪ੍ਰਧਾਨ ਬਣਨ ਤੋਂ ਪਹਿਲਾਂ ਸਿੱਧੂ ਨੇ ਸੂਬੇ ਦੇ ਕਈ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਵਾਰ ਵੀ ਉਹੀ ਗਿਣੇ-ਚੁਣੇ ਚਿਹਰੇ ਉਨ੍ਹਾਂ ਦੇ ਨੇੜੇ-ਤੇੜੇ ਨਜ਼ਰ ਆਉਂਦੇ ਹਨ। ਜੋ ਨਾਲ ਚੱਲ ਰਹੇ ਹਨ, ਉਹ ਕਈ ਚੋਣਾਂ ਹਾਰ ਕੇ ਜਾਂ ਚੋਣ ਰਾਜਨੀਤੀ ਛੱਡ ਕੇ ਸੂਬੇ ਦੀ ਰਾਜਨੀਤੀ ਵਿਚ ਹਾਸ਼ੀਏ ’ਤੇ ਦਿਖਦੇ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਤਾਂ ਪੰਜਾਬ ਦੀ ਰਾਜਨੀਤੀ ਵਿਚ ਚੱਲੇ ਹੋਏ ਕਾਰਤੂਸ ਕਿਹਾ ਜਾਂਦਾ ਹੈ।

ਖ਼ਾਸ ਗੱਲ ਇਹ ਹੈ ਕਿ ਪਿਛਲੀ ਵਾਰ ਜੋ ਨੌਜਵਾਨ ਨੇਤਾ ਉਨ੍ਹਾਂ ਦੇ ਨੇੜੇ-ਤੇੜੇ ਮੰਡਰਾਉਂਦੇ ਸਨ, ਇਸ ਵਾਰ ਉਹ ਸਾਰੇ ਗ਼ਾਇਬ ਹਨ। ਜੇਲ੍ਹ ‘ਚੋਂ ਛੁੱਟਣ ’ਤੇ ਵੀ ਉਨ੍ਹਾਂ ਦਾ ਸਵਾਗਤ ਕਰਨ ਸੂਬਾ ਕਾਂਗਰਸ ਤੋਂ ਕੋਈ ਵੱਡਾ ਨੇਤਾ ਨਹੀਂ ਪਹੁੰਚਿਆ ਸੀ। ਇਹ ਵੱਖਰੀ ਗੱਲ ਹੈ ਕਿ ਰਿਹਾਅ ਹੋਣ ਤੋਂ ਬਾਅਦ ਸਿੱਧੂ ਦਿੱਲੀ ਵਿਚ ਰਾਹੁਲ-ਪ੍ਰਿਯੰਕਾ ਨੂੰ ਮਿਲਣ ਪੁੱਜੇ, ਜਿੱਥੇ ਕਾਂਗਰਸ ਦੇ ਕਈ ਕੇਂਦਰੀ ਨੇਤਾਵਾਂ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋਈ ਪਰ ਪ੍ਰਦੇਸ਼ ਯੂਨਿਟ ਫ਼ਿਲਹਾਲ ਉਨ੍ਹਾਂ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ। ਜਲੰਧਰ ਲੋਕ ਸਭਾ ਉਪ ਚੋਣ ਵਿਚ ਪਾਰਟੀ ਉਮੀਦਵਾਰ ਦੀ ਨਾਮਜ਼ਦਗੀ ਦੇ ਸਮੇਂ ਸਿੱਧੂ ਵੀ ਉਸੇ ਬੱਸ ਵਿਚ ਸਵਾਰ ਸਨ, ਜਿਸ ਵਿਚ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਅਤੇ ਕਈ ਵਿਧਾਇਕ ਮੌਜੂਦ ਸਨ ਪਰ ਸੂਬਾ ਨੇਤਾਵਾਂ ਨੇ ਉਨ੍ਹਾਂ ਨਾਲ ਅਜਿਹੀ ਕੋਈ ਸਾਂਝ ਨਹੀਂ ਵਿਖਾਈ।

ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਨਵਜੋਤ ਸਿੱਧੂ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਉਸ ਦੇ ਘਰ ਦੀ ਛੱਤ ’ਤੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਾਮ 7:00 ਵਜੇ ਮੇਰੇ ਘਰ ਦੀ ਛੱਤ ’ਤੇ ਸਲੇਟੀ ਰੰਗ ਦੇ ਕੰਬਲ ’ਚ ਇਕ ਅਣਪਛਾਤਾ ਸ਼ੱਕੀ ਵਿਅਕਤੀ ਦੇਖਿਆ ਗਿਆ, ਜਦੋਂ ਮੇਰੇ ਨੌਕਰ ਨੇ ਦੇਖਿਆ ਤਾਂ ਅਲਾਰਮ ਵਜਾ ਕੇ ਮਦਦ ਲਈ ਬੁਲਾਇਆ ਤਾਂ ਉਹ ਤੁਰੰਤ ਫ਼ਰਾਰ ਹੋ ਗਿਆ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਨਾਲ ਗੱਲ ਕੀਤੀ ਹੈ ਅਤੇ ਪਟਿਆਲਾ ਦੇ ਐੱਸ. ਐੱਸ. ਪੀ. ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ’ਚ ਕੁਤਾਹੀ ਮੈਨੂੰ ਪੰਜਾਬ ਲਈ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕੇਗੀ। 

Add a Comment

Your email address will not be published. Required fields are marked *