ਮਾਂ ਬੋਲੀ ਅਤੇ ਭਾਸ਼ਾ ਵਿਵਾਦ ’ਤੇ ਗੁਰਦਾਸ ਮਾਨ ਦਾ ਜਵਾਬ, ‘ਬੇਕਦਰੇ ਲੋਕਾਂ ’ਚ ਕਦਰ ਗਵਾ ਲਵੇਂਗਾ’

ਜਲੰਧਰ : ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦਾ ਚਮਕਦਾ ਸਿਤਾਰਾ ਗੁਰਦਾਸ ਮਾਨ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ‘ਗੱਲ ਸੁਣੋ ਪੰਜਾਬੀ ਦੋਸਤੋ’ ਟਾਈਟਲ ਹੇਠ ਨਵਾਂ ਗੀਤ ਜਲਦ ਰਿਲੀਜ਼ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਅੱਜ ਯਾਨੀਕਿ ਬੁੱਧਵਾਰ ਨੂੰ ਗੁਰਦਾਸ ਮਾਨ ਨੇ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਟੀਜ਼ਰ ਰਿਲੀਜ਼ ਕਰਦਿਆਂ ਮਾਨ ਨੇ ਕੈਪਸ਼ਨ ਵਿਚ ਲਿਖਿਆ, “ਪੂਰਾ ਗੀਤ 7 ਸਤੰਬਰ ਨੂੰ ਰਿਲੀਜ਼ ਹੋਵੇਗਾ।” 

ਗੀਤ ਵਿਚ ਪੰਜਾਬੀਆਂ ‘ਤੇ ਕੱਸਿਆ ਤਿੱਖਾ ਤੰਜ
ਗੁਰਦਾਸ ਮਾਨ ਆਪਣੇ ਇਸ ਗੀਤ ਵਿਚ ਪੰਜਾਬੀਆਂ ‘ਤੇ ਤਿੱਖੇ ਤੰਜ ਕਸਦੇ ਨਜ਼ਰ ਆ ਰਹੇ ਹਨ। ਗੀਤ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਹਾਲੇ ਤੱਕ ਇਸ ਦਾ ਅਧਿਕਾਰਤ ਵੀਡੀਓ ਸਾਹਮਣੇ ਨਹੀਂ ਆਇਆ ਹੈ ਪਰ ਗੀਤ ਦੇ ਪੋਸਟਰ ‘ਤੇ ਉਹ ਮਿਹਣੇ ਦਿੰਦੇ ਦੇਖੇ ਜਾ ਸਕਦੇ ਹਨ ਜੋ ਗੁਰਦਾਸ ਮਾਨ ਨੂੰ ਉਦੋਂ ਸੁਣਨੇ ਪਏ ਸੀ, ਜਦੋਂ ਉਹ ਹਿੰਦੀ ਨੂੰ ਮਾਂ ਬੋਲੀ ਆਖ ਬੈਠੇ ਸਨ। ਇਸ ਤੋਂ ਬਾਅਦ ਪੰਜਾਬੀਆਂ ਨੇ ਗੁਰਦਾਸ ਮਾਨ ਨੂੰ ਰੱਜ ਕੇ ਟਰੋਲ ਕੀਤਾ ਸੀ। ਇਸ ਗੀਤ ਦੀ ਇੱਕ ਲਾਈਨ ਵਿਚ ਤਾਂ ਗੁਰਦਾਸ ਮਾਨ ਇਹ ਵੀ ਕਹਿ ਰਹੇ ਹਨ ਕਿ ”ਬੇਕਦਰੇ ਲੋਕਾਂ ‘ਚ ਕੀ ਕਦਰ ਕਰਾ ਲੇਂਗਾ।”


ਕਿਉਂ ਬਣਾਇਆ ਇਹ ਗੀਤ?
ਦਰਅਸਲ, ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ ਵਿਚ ਗੁਰਦਾਸ ਮਾਨ ਆਪਣੀ ਪੰਜਾਬੀ ਤੇ ਹਿੰਦੀ ਭਾਸ਼ਾ ‘ਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਸਨ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ ਵਿਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ, ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਿਰੋਧ ਹੋਇਆ ਸੀ। 

ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਤੇ ਲੋਕਾਂ ਦੇ ਉਹ ਕੁਮੈਂਟ ਹਨ, ਜੋ ਉਨ੍ਹਾਂ ਨੇ ਮਾਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕਰਨ ਲਈ ਕੀਤੇ ਸੀ। ਪੋਸਟਰ ਤੇ ਲਿਖਿਆ ਹੈ, ਮਾਂ ਬੋਲੀ ਦਾ ਗ਼ੱਦਾਰ, ਤੇਰੀ ਨੀ ਸੁਣਨੀ ਹੁਣ, ਬੱਸ ਕਰ ਓਏ ਮਾਨਾ। ਇਹ ਸਭ ਲੋਕਾਂ ਨੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਬਾਰੇ ਕਿਹਾ ਸੀ ਅਤੇ ਹੁਣ 3 ਸਾਲਾਂ ਬਾਅਦ ਗੁਰਦਾਸ ਮਾਨ ਇਸ ਅਪਮਾਨ ਦਾ ਮੂੰਹਤੋੜ ਜਵਾਬ ਆਪਣੇ ਗਾਣੇ ਦੇ ਜ਼ਰੀਏ ਦੇਣ ਜਾ ਰਹੇ ਹਨ।

Add a Comment

Your email address will not be published. Required fields are marked *