ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਰੀਬ 50 ਲੱਖ ਲੋਕ ਹੋ ਸਕਦੇ ਹਨ ਬੀਮਾਰ

ਇਸਲਾਮਾਬਾਦ-ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਆਉਣ ਵਾਲੇ ਚਾਰ ਤੋਂ 12 ਹਫਤਿਆਂ ‘ਚ ਬੱਚਿਆਂ ਸਮੇਤ ਕਰੀਬ 50 ਲੱਖ ਲੋਕ ਪਾਣੀ ਅਤੇ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਟਾਈਫਾਈਡ ਅਤੇ ਡਾਇਰੀਆ ਨਾਲ ਬੀਮਾਰ ਹੋ ਸਕਦੇ ਹਨ। ਦਿ ਨਿਊਜ਼ ਇੰਟਰਨੈਸ਼ਨਲ ‘ਚ ਛਪੀ ਖਬਰ ਮੁਤਾਬਕ ਮਾਨਸੂਨੀ ਮੀਂਹ ਨੇ ਪੂਰੇ ਪਾਕਿਸਤਾਨ ‘ਚ ਭਿਆਨਕ ਤਬਾਹੀ ਮਚਾਈ ਹੈ ਜਿਸ ਨਾਲ ਹੁਣ ਤੱਕ ਕਰੀਬ 1100 ਲੋਕਾਂ ਦੀ ਮੌਤ ਹੋ ਗਈ ਅਤੇ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਉਥੇ, ਜੋ ਇਸ ਕੁਦਰਤੀ ਕਹਿਰ ਤੋਂ ਬਚ ਗਏ ਹਨ, ਉਹ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਗੰਭੀਰ ਹੈ, ਸਿੰਧ, ਬਲੋਚਿਸਤਾਨ, ਦੱਖਣੀ ਪੰਜਾਬ ਅਤੇ ਖੈਬਰ ਪਖਤਨੂਖਵਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਡਾਇਰੀਆ, ਹੈਜ਼ਾ, ਅੰਤੜੀਆਂ ਜਾਂ ਪੇਟ ‘ਚ ਜਲਨ, ਟਾਈਫਾਈਡ ਅਤੇ ਵੈਕਟ ਦੁਆਰਾ ਪੈਦਾ ਹੋਣ ਵਾਲੀਆਂ ਬੀਮਾਰੀਆਂ ਡੇਂਗੂ ਅਤੇ ਮਲੇਰੀਆ ਦੀ ਲਪੇਟ ‘ਚ ਆਉਣ ਦਾ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਇਸ ਬੀਮਾਰੀ ਨਾਲ ਨਜਿੱਠਣ ਲਈ ਸ਼ੁਰੂਆਤੀ ਤੌਰ ‘ਤੇ ਹੀ ਇਕ ਅਰਬ ਰੁਪਏ ਦੀਆਂ ਦਵਾਈਆਂ ਅਤੇ ਉਪਕਰਣਾਂ ਦੀ ਲੋੜ ਹੋਵੇਗੀ। ਪਾਕਿਸਤਾਨ ਦੇ ਉੱਘੇ ਜਨ ਸਿਹਤ ਮਾਹਿਰ ਅਤੇ ਇਸਲਾਮਾਬਾਦ ਸਥਿਤ ਹੈਲਥ ਸਰਵਿਸੇਜ਼ ਅਕਾਦਮੀ ਦੇ ਵਾਈਸ-ਚਾਂਸਲਰ ਡਾ. ਸ਼ਾਹਜ਼ਾਦ ਅਲੀ ਦੇ ਹਵਾਲੇ ਤੋਂ ਅਖਬਾਰ ਨੇ ਲਿਖਿਆ ਕਿ ਦੇਸ਼ ਭਰ ‘ਚ ਮਾਨਸੂਨੀ ਮੀਂਹ ਅਤੇ ਹੜ੍ਹ ਨਾਲ ਕਰੀਬ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ, ਅਨੁਮਾਨ ਹੈ ਕਿ ਇਨ੍ਹਾਂ ‘ਚੋਂ ਬੱਚਿਆਂ ਸਮੇਤ 50 ਲੱਖ ਲੋਕ ਪਾਣੀ ਅਤੇ ਵੈਕਟਰ ਨਾਲ ਹੋਣ ਵਾਲੀਆਂ ਬੀਮਾਰੀਆਂ ਕਾਰਨ ਅਗਲੇ ਚਾਰ ਤੋਂ 12 ਹਫਤਿਆਂ ‘ਚ ਬੀਮਾਰ ਪੈਣਗੇ।

Add a Comment

Your email address will not be published. Required fields are marked *