ਕਣਕ ਦਾ ਝਾੜ: ਕਿਤੇ ਖੁਸ਼ੀ ਤੇ ਕਿਤੇ ਗ਼ਮ!

ਪੰਜਾਬ ਵਿੱਚ ਕਣਕ ਦੇ ਝਾੜ ਤੋਂ ਕਿਤੇ ਕਿਸਾਨ ਧਰਵਾਸ ਵਿਚ ਹਨ ਅਤੇ ਕਿਤੇ ਕਿਸਾਨਾਂ ਨੂੰ ਵੱਡਾ ਵਿੱਤੀ ਝਟਕਾ ਲੱਗਿਆ ਹੈ। ਹੁਣ ਤਪਸ਼ ਕਾਰਨ ਫ਼ਸਲ ਦੀ ਆਮਦ ਤੇਜ਼ ਹੋਈ ਹੈ, ਜਿਸ ਨਾਲ ਕਣਕ ਦੇ ਝਾੜ ਦੀ ਤਸਵੀਰ ਸਾਫ਼ ਹੋਣ ਲੱਗੀ ਹੈ। ਜਿੱਥੇ ਕਿਤੇ ਗੜੇਮਾਰੀ ਹੋਈ ਹੈ, ਉੱਥੇ ਕਣਕ ਦਾ ਝਾੜ ਚਾਰ ਤੋਂ ਸੱਤ ਕੁਇੰਟਲ ਤੱਕ ਘਟ ਗਿਆ ਹੈ। ਮੌਸਮ ਦੀ ਮਾਰ ਤੋਂ ਬਚੀ ਫ਼ਸਲ ਦਾ ਝਾੜ ਪਿਛਲੇ ਵਰ੍ਹੇ ਨਾਲੋਂ ਵੱਧ ਨਿਕਲ ਰਿਹਾ ਹੈ। ਖੇਤੀਬਾੜੀ ਵਿਭਾਗ ਐਤਕੀਂ ਕਣਕ ਦਾ ਝਾੜ ਕਰੀਬ 10 ਲੱਖ ਮੀਟਰਕ ਟਨ ਘੱਟ ਨਿਕਲਣ ਦਾ ਅਨੁਮਾਨ ਲਗਾ ਰਿਹਾ ਹੈ। ਮੋਟੇ ਅੰਦਾਜ਼ੇ ਅਨੁਸਾਰ ਕਿਸਾਨਾਂ ਨੂੰ ਕਰੀਬ 2200 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਵੇਗਾ। 

ਕਿਸਾਨ ਆਖਦੇ ਹਨ ਕਿ ਇਹ ਨੁਕਸਾਨ ਚਾਰ ਹਜ਼ਾਰ ਕਰੋੜ ਨੂੰ ਵੀ ਪਾਰ ਕਰੇਗਾ ਅਤੇ ਕਿਸਾਨੀ ਦੇ ਲਾਗਤ ਖ਼ਰਚਿਆਂ ’ਚ ਵੀ ਵਾਧਾ ਹੋਵੇਗਾ। ਪੰਜਾਬ ਵਿੱਚ ਐਤਕੀਂ 34.90 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਸੀ ਅਤੇ ਮੁੱਢਲੇ ਟੀਚਿਆਂ ਅਨੁਸਾਰ 170 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਸੀ। ਲੰਘੇ ਵਰ੍ਹੇ ਤਾਪਮਾਨ ਦੇ ਵਾਧੇ ਕਰਕੇ ਕਣਕ ਦੀ ਫ਼ਸਲ ਦਾ ਝਾੜ 15 ਤੋਂ 20 ਫ਼ੀਸਦੀ ਘਟ ਗਿਆ ਸੀ। ਪੰਜਾਬ ਸਰਕਾਰ ਦੇ ਸਰਵੇ ਅਨੁਸਾਰ ਕਰੀਬ 40 ਫ਼ੀਸਦੀ ਕਣਕ ਦੀ ਫ਼ਸਲ ਇਸ ਵਾਰ ਪ੍ਰਭਾਵਿਤ ਹੋਈ ਹੈ। ਖੇਤੀ ਮਹਿਕਮੇ ਨੇ ਹਾਲ ਹੀ ਵਿੱਚ ਜ਼ਿਲ੍ਹਾ ਸੰਗਰੂਰ ਵਿੱਚ ਕਣਕ ਦੇ ਝਾੜ ਦਾ ਜਾਇਜ਼ਾ ਲਿਆ ਹੈ, ਜਿਸ ’ਚ ਤੇਜ਼ ਹਵਾਵਾਂ ਕਾਰਨ ਡਿੱਗੀਆਂ ਫ਼ਸਲ ਦਾ ਝਾੜ 40 ਤੋਂ 45 ਮਣ ਆਇਆ ਹੈ, ਜਦੋਂ ਕਿ ਝੱਖੜ ਤੋਂ ਬਚੀ ਫ਼ਸਲ ਦਾ ਝਾੜ 53 ਮਣ ਤੱਕ ਨਿਕਲਿਆ ਹੈ। 

ਪੰਜਾਬ ਭਰ ਵਿਚ ਕਰੀਬ ਸਵਾ ਲੱਖ ਏਕੜ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਫ਼ਾਜ਼ਿਲਕਾ ਵਿਚ ਵੱਡੀ ਮਾਰ ਪਈ ਹੈ। ਫ਼ਾਜ਼ਿਲਕਾ ਦੇ ਪਿੰਡ ਰਾਮ ਸਿੰਘ ਭੈਣੀ ਦੇ ਸਰਪੰਚ ਹਰਮੇਸ਼ ਸਿੰਘ ਨੇ ਦੱਸਿਆ ਕਿ ਬਾਰਸ਼ਾਂ ਦੀ ਮਾਰ ਕਰਕੇ ਕਣਕ ਦਾ ਝਾੜ 35 ਮਣ ਤੱਕ ਦਾ ਹੀ ਰਹਿ ਗਿਆ ਹੈ ਅਤੇ ਕੰਬਾਈਨ ਮਾਲਕਾਂ ਨੇ ਡਿੱਗੀ ਫ਼ਸਲ ਦੀ ਕਟਾਈ ਦਾ ਰੇਟ ਵਧਾ ਕੇ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਝਾੜ 50 ਮਣ ਦਾ ਨਿਕਲਿਆ ਸੀ। ਫ਼ਿਰੋਜ਼ਪੁਰ ਦੇ ਪਿੰਡ ਬੁਲਾ ਰਾਏ ਦੇ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਫ਼ਸਲਾਂ ਵਿਛ ਗਈਆਂ ਹਨ ਅਤੇ ਝਾੜ 16 ਤੋਂ 20 ਕੁਇੰਟਲ ਦਾ ਨਿਕਲ ਰਿਹਾ ਹੈ। 

ਕਿਸਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਕਣਕ ਦਾ ਝਾੜ ਓਨਾ ਨਹੀਂ ਘਟੇਗਾ, ਜਿੰਨਾ ਡਰ ਬਣਿਆ ਹੋਇਆ ਸੀ। ਸੰਗਰੂਰ, ਬਰਨਾਲਾ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਉਲਟਾ ਝਾੜ ਠੀਕ ਨਿਕਲ ਰਿਹਾ ਹੈ। ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਮੀਂਹ ਤੇ ਝੱਖੜ ਤੋਂ ਬਚੇ ਖੇਤਾਂ ਵਿੱਚ ਐਤਕੀਂ 22 ਤੋਂ 24 ਕੁਇੰਟਲ ਪ੍ਰਤੀ ਏਕੜ ਝਾੜ ਆ ਰਿਹਾ ਹੈ, ਜਦੋਂ ਕਿ ਪਿਛਲੇ ਵਰ੍ਹੇ ਇਨ੍ਹਾਂ ਖੇਤਾਂ ਵਿੱਚ ਝਾੜ 20 ਕੁਇੰਟਲ ਨੂੰ ਪਾਰ ਨਹੀਂ ਕੀਤਾ ਸੀ। ਚੇਤੇ ਰਹੇ ਕਿ ਪਿਛਲੇ ਸਾਲ 96.45 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿੱਚ ਖ਼ਰੀਦੀ ਗਈ ਸੀ, ਜਦੋਂ ਕਿ ਉਸ ਤੋਂ ਪਿਛਲੇ ਸਾਲ 127.14 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਸੀ। ਮਲੋਟ ਇਲਾਕੇ ਦੇ ਪਿੰਡਾਂ ਵਿਚ ਫ਼ਸਲ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਗਿੱਦੜਬਾਹਾ ਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਹਾਲੇ ਵੀ ਖੜ੍ਹਾ ਹੈ। ਹੁਸਨਰ ਪਿੰਡ ਇਸ ਦੀ ਮਾਰ ਹੇਠ ਹੈ। ਪਿੰਡ ਗੁਰੂਸਰ ਦੇ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਕਣਕ ਦਾ ਝਾੜ 50 ਤੋਂ 55 ਮਣ ਪ੍ਰਤੀ ਏਕੜ ਦਾ ਨਿਕਲ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਝਾੜ ਘੱਟ ਸੀ। ਉਨ੍ਹਾਂ ਦੱਸਿਆ ਕਿ ਉਹ ਕਿਸਾਨ ਰਗੜੇ ਹੇਠ ਆ ਗਏ ਹਨ, ਜਿਨ੍ਹਾਂ ਦੀਆਂ ਫ਼ਸਲਾਂ ਡਿੱਗ ਪਈਆਂ ਹਨ। ਦੱਸਣਯੋਗ ਹੈ ਕਿ ਐਤਕੀਂ ਕਣਕ ਦੇ ਦਾਣੇ ਬਦਰੰਗ ਹੋਏ ਹਨ ਅਤੇ ਪਿਚਕੇ ਵੀ ਹਨ। ਕੇਂਦਰ ਸਰਕਾਰ ਨੇ ਖ਼ਰੀਦ ਮਾਪਦੰਡਾਂ ਵਿੱਚ ਢਿੱਲ ਦਿੱਤੀ ਹੈ। 

ਪੰਜਾਬ ਸਰਕਾਰ ਵੱਲੋਂ ਖ਼ਰਾਬੇ ਵਾਲੀ ਫ਼ਸਲ ਦੀ ਗਿਰਦਾਵਰੀ ਵੀ ਕਰਵਾਈ ਜਾ ਰਹੀ ਹੈ। ਪਟਿਆਲਾ ਦੇ ਪਿੰਡ ਨਿਆਲ ਦੇ ਕਿਸਾਨ ਆਗੂ ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰਭਾਵਿਤ ਫ਼ਸਲਾਂ ਦਾ ਝਾੜ 45 ਮਣ ਪ੍ਰਤੀ ਏਕੜ ਤੋਂ ਘੱਟ ਰਹਿ ਗਿਆ ਹੈ, ਜਦੋਂ ਕਿ ਬਾਰਸ਼ ਦੀਆਂ ਝੰਬੀਆਂ ਫ਼ਸਲਾਂ ਦਾ ਝਾੜ 15 ਮਣ ਪ੍ਰਤੀ ਏਕੜ ਘੱਟ ਗਿਆ ਹੈ। ਮਾਝੇ ਵਿਚ ਫ਼ਸਲ ਦੀ ਆਮਦ ਸੁਸਤ ਚਾਲ ਸ਼ੁਰੂ ਹੋਈ ਹੈ।

ਕਣਕ ਦੀ ਪੈਦਾਵਾਰ ਚੰਗੀ ਰਹੇਗੀ: ਡਾਇਰੈਕਟਰ

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਮੁੱਢਲੇ ਪੜਾਅ ’ਤੇ ਜਿੰਨਾ ਨੁਕਸਾਨ ਦਿਸ ਰਿਹਾ ਸੀ, ਓਨਾ ਹਕੀਕਤ ਵਿਚ ਸਾਹਮਣੇ ਨਹੀਂ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 10 ਲੱਖ ਮੀਟਰਿਕ ਟਨ ਦੀ ਪੈਦਾਵਾਰ ਘਟਣ ਦਾ ਅਨੁਮਾਨ ਹੈ। ਡਾਇਰੈਕਟਰ ਨੇ ਦੱਸਿਆ ਕਿ ਸੌ ਫ਼ੀਸਦੀ ਪ੍ਰਭਾਵਿਤ ਫ਼ਸਲ ਦਾ ਰਕਬਾ ਕਾਫ਼ੀ ਘੱਟ ਹੈ ਅਤੇ ਪਿਛਲੇ ਸਾਲ ਨਾਲੋਂ ਪੈਦਾਵਾਰ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।  

Add a Comment

Your email address will not be published. Required fields are marked *