ਸੋਵੀਅਤ ਸੰਘ ਦੇ ਆਖਰੀ ਨੇਤਾ ਮਿਖਾਈਲ ਗੋਰਬਾਚੇਵ ਦਾ ਦੇਹਾਂਤ

ਮਾਸਕੋ, 31 ਅਗਸਤ-ਸੋਵੀਅਤ ਯੂਨੀਅਨ (ਸਾਂਝੇ ਰੂਸ) ਦੇ ਆਖਰੀ ਆਗੂ ਮਿਖਾਈਲ ਗੋਰਬਾਚੇਵ ਦਾ ਅੱਜ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਮਾਸਕੋ ਦੇ ਕੇਂਦਰੀ ਕਲੀਨਿਕਲ ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ ਗੋਰਬਾਚੇਵ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਜਨਮ 2 ਮਾਰਚ 1931 ਨੂੰ ਦੱਖਣੀ ਰੂਸ ਦੇ ਪ੍ਰਿਵੋਲਨੋਏ ਪਿੰਡ ਵਿੱਚ ਹੋਇਆ ਸੀ। ਗੋਰਬਾਚੇਵ ਨੇ ਸੋਵੀਅਤ ਯੂਨੀਅਨ ਵਿੱਚ ਬਹੁਤ ਸਾਰੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਕੜੀ ਵਿੱਚ ਉਨ੍ਹਾਂ ਨੇ ਸਾਮਵਾਦ ਦੇ ਖਾਤਮੇ, ਸੋਵੀਅਤ ਯੂਨੀਅਨ ਦੇ ਟੁੱਟਣ ਅਤੇ ਠੰਢੀ ਜੰਗ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਗੋਰਬਾਚੇਵ ਸੱਤਾ ਵਿੱਚ ਸੱਤ ਸਾਲ ਤੋਂ ਵੀ ਘੱਟ ਸਮਾਂ ਰਹੇ। ਅਮਰੀਕੀ ਸਦਰ ਜੋਅ ਬਾਇਡਨ ਨੇ ਗੋਰਬਾਚੇਵ ਨੂੰ ‘ਕਮਾਲ ਦੀ ਦੂਰਦ੍ਰਿਸ਼ਟੀ ਵਾਲਾ ਵਿਅਕਤੀ’ ਤੇ ‘ਅਸਧਾਰਨ ਆਗੂ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੂਸੀ ਆਗੂ ਕੋਲ ‘ਵੱਖਰਾ ਭਵਿੱਖ ਦੇਖਣ ਦੀ ਕਲਪਨਾ ਸ਼ਕਤੀ ਸੀ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਉਹ ਆਪਣੇ ਪੂਰੇ ਕਰੀਅਰ ਨੂੰ ਜੋਖ਼ਮ ਵਿੱਚ ਪਾਉਣ ਦੀ ਹਿੰਮਤ ਰੱਖਦਾ ਸੀ।’ ਬਾਇਡਨ ਨੇ ਇਕ ਬਿਆਨ ਵਿੱਚ ਕਿਹਾ, ‘‘ਇਸ ਦਾ ਨਤੀਜਾ ਸੁਰੱਖਿਅਤ ਵਿਸ਼ਵ ਤੇ ਲੱਖਾਂ ਲੋਕਾਂ ਲਈ ਵੱਡੀ ਆਜ਼ਾਦੀ ਸੀ।’’ ਸਿਆਸੀ ਸਮੀਖਿਅਕ ਤੇ ਮਾਸਕੋ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਮਿਸ਼ੇਲ ਮੈਕਫੌਲ ਨੇ ਟਵੀਟ ਕੀਤਾ, ‘‘ਗੋਰਬਾਚੇਵ ਤੋਂ ਛੁੱਟ, ਕਿਸੇ ਇਕੱਲੇ ਵਿਅਕਤੀ ਬਾਰੇ ਸੋਚਣਾ ਮੁਸ਼ਕਲ ਹੈ ਜਿਸ ਨੇ ਇਤਿਹਾਸ ਦੇ ਵਹਿਣ ਨੂੰ ਸਕਾਰਾਤਮਕ ਦਿਸ਼ਾ ਵਿਚ ਬਦਲਿਆ ਹੋਵੇ।’’

ਗੋਰਬਾਚੇਵ ਨੇ ਸ਼ੀਤ ਜੰਗ ਖ਼ਤਮ ਕਰਨ ਵਿੱਚ ਨਿਭਾਈ ਭੂਮਿਕਾ ਲਈ 1990 ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ। ਉਸ ਨੂੰ ਮਗਰੋਂ ਵੀ ਉਨ੍ਹਾਂ ਨੂੰ ਵਿਸ਼ਵ ਦੇ ਵੱਖ ਵੱਖ ਕੋਨਿਆਂ ਤੋਂ ਸਨਮਾਨ ਤੇ ਪੁਰਸਕਾਰ ਮਿਲਦੇ ਰਹੇ। ਇਸ ਦੇ ਬਾਵਜੂਦ ਉਹ ਆਪਣੇ ਘਰ ਵਿੱਚ ਹੀ ਨਜ਼ਰਬੰਦ ਹੋ ਕੇ ਰਹਿ ਗਏ। ਰੂਸੀ, 1991 ਵਿੱਚ ਸੋਵੀਅਤ ਯੂਨੀਅਨ ਟੁੱਟਣ ਲਈ ਮੁੱਖ ਤੌਰ ’ਤੇ ਗੋਰਬਾਚੇਵ ਨੂੰ ਜ਼ਿੰਮੇਵਾਰ ਮੰਨਦੇ ਸਨ। ਸੋਵੀਅਤ ਯੂਨੀਅਨ, ਜਿਸ ਨੂੰ ਕਦੇ ਸੁਪਰਪਾਵਰ ਮੰਨਿਆ ਜਾਂਦਾ ਸੀ, ਦੇ ਟੁੱਟਣ ਨਾਲ ਇਸ ਵਿਚੋੋਂ ਨਿੱਕੇ ਵੱਡੇ 15 ਮੁਲਕ ਨਿਕਲੇ ਸਨ। ਗੋਰਬਾਚੇਵ ਦੇ ਸਾਬਕਾ ਭਾਈਵਾਲਾਂ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ ਤੇ ਮੁਲਕ ਨੂੰ ਦਰਪੇਸ਼ ਸੰਕਟਾਂ ਲਈ ਉਨ੍ਹਾਂ ਸਿਰ ਭਾਂਡਾ ਭੰਨਿਆ। ਗੋਰਬਾਚੇਵ ਵੱਲੋਂ 1996 ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਵੇਲੇ ਉਸ ਨੂੰ 1 ਫੀਸਦ ਤੋਂ ਵੀ ਘੱਟ ਵੋਟਾਂ ਪਈਆਂ। 1997 ਵਿੱਚ ਉਨ੍ਹਾਂ ਨੂੰ ਆਪਣੀ ਚੈਰੀਟੇਬਲ ਫਾਊਂਡੇਸ਼ਨ ਵਾਸਤੇ ਫੰਡ ਜੁਟਾਉਣ ਲਈ ਪੀਜ਼ਾ ਹੱਟ ਦੀ ਟੀਡੀ ਐਡ ਬਣਾਉਣ ਲਈ ਮਜਬੂਰ ਹੋਣਾ ਪਿਆ। ਰੂਸੀ ਸਦਰ ਵਲਾਦੀਮੀਰ ਪੂਤਿਨ ਵੱਲੋਂ ਫਰਵਰੀ ਮਹੀਨੇ ਯੂਕਰੇਨ ’ਤੇ ਕੀਤੀ ਚੜ੍ਹਾਈ ਮਗਰੋਂ ਜਾਰੀ ਇਕ ਬਿਆਨ ਵਿੱਚ ਗੋਰਬਾਚੇਵ ਨੇ ‘ਇਹ ਦੁਸ਼ਮਣੀ ਜਲਦੀ ਖ਼ਤਮ ਕਰਨ ਅਤੇ ਸ਼ਾਂਤੀ ਵਾਰਤਾ ਫੌਰੀ ਸ਼ੁਰੂ ਕਰਨ ਦਾ ਸੱਦਾ ਦਿੱਤਾ ਸੀ।’ ਗੋਰਬਾਚੇਵ ਨੇ ਕਿਹਾ ਸੀ ਕਿ ਵਿਸ਼ਵ ਵਿੱਚ ਮਨੁੱਖੀ ਜਾਨਾਂ ਤੋਂ ਕੀਮਤੀ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਗੱਲਬਾਤ ਤੇ ਸੰਵਾਦ ਜ਼ਰੀਏ ਆਪਸੀ ਸਨਮਾਨ ਅਤੇ ਇਕ ਦੂਜੇ ਦੇ ਹਿੱਤਾਂ ਨੂੰ ਮਾਨਤਾ ਦੇਣਾ ਹੀ ਮੁਸ਼ਕਲਾਂ ਨੂੰ ਹੱਲ ਕਰਨ ਦਾ ਇੱਕੋ ਇੱਕ ਸੰਭਵ ਤਰੀਕਾ ਹੈ।’’ ਗੋਰਬਾਚੇਵ ਹਾਲਾਂਕਿ ਪੂਤਿਨ ਦੀ ਤਾਰੀਫ਼ ਵੀ ਕਰਦੇ ਸਨ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਉਸ ਨੇ ਦੇਸ਼ ਨੂੰ ਸਥਿਰ ਕਰਨ ਦੇ ਨਾਲ ਇਸ ਦੇ ਗੌਰਵ ਨੂੰ ਵੀ ਬਹਾਲ ਕੀਤਾ ਹੈ।  

Add a Comment

Your email address will not be published. Required fields are marked *