ਰਾਸ਼ਟਰਪਤੀ,ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਅੰਬੇਡਕਰ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ/ਇੰਦੌਰ, 14 ਅਪਰੈਲ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਮਾਜ ਸੁਧਾਰਕ, ਅਰਥਸ਼ਾਸਤਰੀ, ਕਾਨੂੰਨ ਮਾਹਿਰ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਟਵੀਟ ਕੀਤਾ ਕਿ ਅੰਬੇਡਕਰ ਨੇ ਆਪਣੀ ਜ਼ਿੰਦਗੀ ਪੱਛੜਿਆਂ ਨੂੰ ਮਜ਼ਬੂਤ ਕਰਨ ਤੇ ਸਮਾਜ ਵਿਚ ਸ਼ੋਸ਼ਣ ਦਾ ਸ਼ਿਕਾਰ ਵਰਗਾਂ ਦੇ ਲੇਖੇ ਲਾਈ। ਇਸ ਮੌਕੇ ਮੋਦੀ ਨੇ ਅੰਬੇਡਕਰ ਦੇ ਜੀਵਨ ਬਾਰੇ ਆਪਣੇ ਪੁਰਾਣੇ ਬਿਆਨਾਂ ਦੀ ਇਕ ਆਡੀਓ ਕਲਿਪ ਵੀ ਜਾਰੀ ਕੀਤੀ। ਸੰਸਦ ਕੰਪਲੈਕਸ ਵਿਚ ਇਕ ਸਮਾਗਮ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਦੇ ਨਾਲ ਅੱਜ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਹਾਜ਼ਰ ਸਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਬਿਰਲਾ ਨੇ ਅੰਬੇਡਕਰ ਨੂੰ ਸਮਾਜਿਕ ਬਦਲਾਅ ਦਾ ਨੀਤੀ ਘਾੜਾ ਕਰਾਰ ਦਿੱਤਾ ਜਿਨ੍ਹਾਂ ਸਮਾਜਿਕ ਬਰਾਬਰੀ, ਆਜ਼ਾਦੀ, ਨਿਆਂ ਤੇ ਭਾਈਚਾਰੇ ਨੂੰ ਹੁਲਾਰਾ ਦਿੱਤਾ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਵੀ ਸੰਵਿਧਾਨ ਨਿਰਮਾਤਾ ਨੂੰ ਸਿਜਦਾ ਕੀਤਾ। ਬਸਪਾ ਸੁਪਰੀਮੋ ਮਾਇਆਵਤੀ ਨੇ ਡਾ. ਬੀਆਰ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ। ਬਸਪਾ ਮੁਖੀ ਨੇ ਦੋਸ਼ ਲਾਇਆ ਕਿ ਵਿਰੋਧੀਆਂ ਨੇ ‘ਆਪਣੀ ‘ਤੰਗ, ਜਾਤੀਵਾਦੀ ਤੇ ਫ਼ਿਰਕੂ ਮਾਨਸਿਕਤਾ’ ਕਾਰਨ ਪਾਰਟੀ ਨੂੰ ਕਮਜ਼ੋਰ ਕਰਨ ਲਈ ਪੂਰਾ ਜ਼ੋਰ ਲਾਇਆ ਪਰ ਇਸ ਸਭ ਵਿਚੋਂ ਗੁਜ਼ਰ ਕੇ ਵੀ ਪਾਰਟੀ ਅੱਜ ਮਜ਼ਬੂਤੀ ਨਾਲ ਖੜ੍ਹੀ ਹੈ। ਇੰਦੌਰ ਨੇੜੇ ਅੰਬੇਡਕਰ ਦੇ ਜਨਮ ਸਥਾਨ ਮਹੂ ਵਿਚ ਅੱਜ ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲ ਨਾਥ ਤੇ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਸੰਵਿਧਾਨ ਨਿਰਮਾਤਾ ਨੂੰ ਯਾਦ ਕੀਤਾ। ਵਿਜੈਵਰਗੀਆ ਮਹੂ ਤੋਂ ਵਿਧਾਇਕ ਰਹਿ ਚੁੱਕੇ ਹਨ। ਆਰਐੱਸਐੱਸ ਦੇ ਇਕ ਗਰੁੱਪ ਨੇ ਵੀ ਮਹੂ ਵਿਚ ਮਾਰਚ ਕਰ ਕੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ। ‘ਸਮਤਾ ਸੈਨਿਕ ਦਲ’ ਦੇ ਬੈਂਡ ਨੇ ਆਪਣੇ ਆਗੂ ਨੂੰ ਗਾਰਡ ਆਫ ਆਨਰ ਦਿੱਤਾ।

